ਐਨ.ਡੀ.ਆਰ.ਐਫ. ਵੱਲੋਂ ਮੌਕ-ਡਰਿੱਲ 12 ਨਵੰਬਰ ਨੂੰ
ਹੁਸ਼ਿਆਰਪੁਰ, 8 ਨਵੰਬਰ 2024: ਐਨ.ਡੀ.ਆਰ.ਐਫ. ਵੱਲੋਂ ਵਰਧਮਾਨ ਯਾਰਨਜ਼ ਐਂਡ ਥ੍ਰੈਡਸ ਲਿਮਟਿਡ ਵਿਚ 12 ਨਵੰਬਰ ਨੂੰ ਕਰਵਾਈ ਜਾਣ ਵਾਲੀ ਮੌਕ-ਡਰਿੱਲ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਓਰੀਐਂਟੇਸ਼ਨ-ਕਮ-ਕੋਆਰਡੀਨੇਸ਼ਨ ਕਾਨਫਰੰਸ ਕਰਵਾਈ ਗਈ ਜਿਸ ਵਿਚ ਐਨ.ਡੀ.ਆਰ.ਐਫ. ਦੇ ਅਧਿਕਾਰੀਆਂ ਤੋਂ ਇਲਾਵਾ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਐਨ.ਡੀ.ਆਰ.ਐਫ. ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਓਰੀਐਂਟੇਸ਼ਨ ਸੀ.ਆਰ.ਬੀ.ਐਨ.(ਕੈਮੀਕਲ, ਰੇਡੀਓਲੌਜੀਕਲ, ਜੈਵਿਕ ਅਤੇ ਪਰਮਾਣੂ) ਮੌਕ ਅਭਿਆਸ ਖਾਸ ਕਰਕੇ ਉਦਯੋਗਿਕ ਸੁਰੱਖਿਆ ਦੇ ਨਜ਼ਰੀਏ ਤੋਂ ਜਾਗਰੂਕਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਐਨ.ਡੀ.ਆਰ.ਐਫ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਆਪਣੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਮੌਕ ਅਭਿਆਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਅਭਿਆਸ ਨਿਯਮਤ ਤੌਰ 'ਤੇ ਕਰਵਾਉਣ ਦਾ ਸੰਕਲਪ ਲਿਆ।ਇਸ ਮੌਕੇ ਐਸ.ਪੀ. ਮਨੋਜ ਠਾਕੁਰ, ਡੀ.ਐਸ.ਪੀ. ਮਨੋਜ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।