ਸਿੱਖਿਆ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਨਵ ਨਿਯੁਕਤ ਅਧਿਆਪਕ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
- ਆਪਣੀ ਗਲਤੀ ਨੂੰ ਲੁਕਾਉਣ ਲਈ ਸਿੱਖਿਆ ਵਿਭਾਗ ਅਧਿਆਪਕਾਂ ਨਾਲ ਕਰ ਰਿਹਾ ਹੈ ਧੱਕਾ -ਜਸਵਿੰਦਰ ਸਿੰਘ ਸਮਾਣਾ
- ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਬਦਲਾਅ ਨੂੰ ਲੱਭ ਰਹੇ ਨੇ ਅਧਿਆਪਕ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 8 ਨਵੰਬਰ 2024:- ਸਿੱਖਿਆ ਵਿਭਾਗ ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਲਈ ਅਧਿਆਪਕਾਂ ਨਾਲ ਧੱਕਾ ਕਰਦਾ ਨਜ਼ਰ ਆ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਪਟਿਆਲਾ ਦੇ ਮਾਣਕਪੁਰ ਸਕੂਲ ਨੂੰ ਵਿਭਾਗ ਦੀ ਟੀਮ ਵੱਲੋਂ ਦਸੰਬਰ ਮਹੀਨੇ ਹੋ ਰਹੇ ਸੀਈਪੀ ਦੇ ਪੇਪਰ ਕਰਕੇ ਨਿਰੀਖਣ ਕੀਤਾ ਗਿਆ।
ਚੈੱਕ ਕਰਦੇ ਹੋਏ ਆਈ ਟੀਮ ਵੱਲੋਂ ਇੱਕ ਬੇਕਸੂਰ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ। ਜਦੋਂ ਕਿ ਇਹ ਅਧਿਆਪਕ 15 ਦਿਨ ਦੀ ਮੈਡੀਕਲ ਛੁੱਟੀ ਕੱਟਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਸਕੂਲ ਵਿੱਚ ਹਾਜ਼ਰ ਹੋਇਆ ਸੀ। ਇਹੀ ਨਹੀਂ ਇਸ ਤੋਂ ਪਹਿਲਾਂ ਵੀ ਇਹ ਅਧਿਆਪਕ ਬੀਐਲਓ ਡਿਊਟੀਆਂ ਇਲੈਕਸ਼ਨ ਡਿਊਟੀਆਂ ਤੇ ਆਪਣੀ ਜਿੰਮੇਵਾਰੀ ਨਿਭਾਉਂਦਾ ਰਿਹਾ। ਸਕੂਲ ਵਿੱਚ ਅਧਿਆਪਕ ਦਾ ਰਿਕਾਰਡ ਵੀ ਪੂਰਾ ਸੀ। ਪਰ ਮੌਕੇ ਤੇ ਆਈ ਟੀਮ ਨੇ ਬੇਕਸੂਰ ਨਵ ਨਿਯੁਕਤ ਅਧਿਆਪਕ ਜੋਂ ਕਿ 6635 ਦੀ ਭਰਤੀ ਵਿਚ ਦੋ ਸਾਲ ਪਹਿਲਾਂ ਜੁਆਇੰਨ ਹੋਏ ਨੂੰ ਸਸਪੈਂਡ ਕਰ ਦਿੱਤਾ। ਬਿਨਾਂ ਕਿਸੇ ਕਸੂਰ ਦੇ ਅਧਿਆਪਕ ਨੂੰ ਮੁੱਅਤਲ ਕਰਨ ਦੀ ਕਾਰਵਾਈ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ । ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਲਗਾਤਾਰ ਅਧਿਆਪਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਸਿੱਖਿਆ ਵਿਭਾਗ ਦੇ ਆਲ਼ਾ ਅਫਸਰਾਂ ਵਲੋਂ ਸਕੂਲਾਂ ਵਿੱਚ ਲੰਬੇ ਸਮੇਂ ਤੋਂ ਗੈਰ ਹਾਜ਼ਰ ਰਹੇ ਬੱਚਿਆਂ ਦੇ ਅਧਿਆਪਕਾਂ ਨੂੰ ਨਾਮ ਨਹੀ ਕੱਟਣ ਦੇ ਰਹੇ । ਉਤੋ ਦੀ ਅਧਿਆਪਕਾਂ ਨੂੰ 100% ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਦਬਾਅ ਬਣਾਇਆ ਜਾਂਦਾ ਹੈ। ਸੀਈਪੀ ਦੇ ਆੜ ਵਿੱਚ ਵਿਭਾਗ ਵੱਲੋਂ ਅਧਿਆਪਕਾਂ ਦਾ ਵੱਡੇ ਪੱਧਰ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਧੱਕਾ ਤੇ ਆਪਣੀਆਂ ਗਲਤੀਆਂ ਦਾ ਖਮਿਆਜ਼ਾ ਅਧਿਆਪਕਾਂ ਤੇ ਪਾਉਣ ਦੀ ਗੱਲ ਕਰੇਗਾ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਇਸਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਸਰਕਾਰ ਦੇ ਇਸ ਧੱਕੇ ਖਿਲਾਫ ਵੱਡੇ ਪੱਧਰ ਤੇ ਸੰਘਰਸ਼ ਉਲੀਕੇਗੀ।