ਪੀ.ਏ.ਯੂ. ਵਿਚ ਕਿਸਾਨ ਬੀਬੀਆਂ ਦਾ ਮਾਸਿਕ ਸਿਖਲਾਈ ਕੈਂਪ ਨੇਪਰੇ ਚੜਿਆ
ਲੁਧਿਆਣਾ 8 ਨਵੰਬਰ,2024 - ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੀ.ਏ.ਯੂ. ਕਿਸਾਨ ਕਲੱਬ (ਲੇਡੀਜ਼ ਵਿੰਗ) ਦਾ ਇੱਕ ਰੋਜ਼ਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ| ਇਸ ਮੌਕੇ ਤੇ ਕਿਸਾਨ ਕਲੱਬ (ਲੇਡੀਜ਼ ਵਿੰਗ) ਦੇ ਕੋਆਰਡੀਨੇਟਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 78 ਕਿਸਾਨ ਬੀਬੀਆਂ ਨੇ ਭਾਗ ਲਿਆ| ਉਹਨਾਂ ਨੇ ਪੀ.ਏ.ਯੂ. ਕਿਸਾਨ ਕਲੱਬ (ਲੇਡੀਜ਼ ਵਿੰਗ) ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਬੀਬੀਆਂ ਜਮਾਨੇ ਦੀ ਮੰਗ ਨੂੰ ਦੇਖਦੇ ਹੋਏ ਕੁੱਝ ਹੱਟ ਕੇ ਅਤੇ ਸਾਫ-ਸੁੱਥਰੇ ਭੋਜਨ ਪਦਾਰਥ ਤਿਆਰ ਕਰਕੇ ਚੰਗੀ ਆਮਦਨ ਕਮਾ ਸਕਦੀਆਂ ਹਨ| ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਸ਼ਰੂਤੀ ਜੈਨ ਅਤੇ ਡਾ. ਸਹਿਜਵੀਰ ਕੌਰ ਨੇ ਦੱਖਣੀ ਭਾਰਤੀ ਪਕਵਾਨ ਜਿਵੇਂ ਉਪਮਾ, ਅੱਪੇ, ਨਾਰੀਅਲ ਦੀ ਚਟਨੀ ਅਤੇ ਲੈਮਨ ਰਾਈਸ ਤਿਆਰ ਕਰਨ ਦੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ| ਮੈਡਮ ਕੰਵਲਜੀਤ ਕੌਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ| ਅੰਤ ਵਿੱਚ ਮੈਡਮ ਕੁਲਦੀਪ ਕੌਰ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਸਾਰੀਆਂ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ|