ਪੀ.ਏ.ਯੂ. ਵਿਖੇ ਨੌਜਵਾਨਾਂ ਲਈ ਖੇਤੀ ਦਾ ਤਿਮਾਹੀ ਕੋਰਸ ਸਫਲਤਾ ਨਾਲ ਸੰਪੰਨ ਹੋਇਆ
ਲੁਧਿਆਣਾ 8 ਨਵੰਬਰ, 2024 - ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਬੈਚ-131” ਸਮਾਪਤ ਹੋਇਆ। ਇਸ ਤਿਮਾਹੀ ਸਿਖਲਾਈ ਕੋਰਸ ਵਿੱਚ 48 ਸਿਖਆਰਥੀਆਂ ਨੇ ਭਾਗ ਲਿਆ ਜਿਹਨਾਂ ਵਿੱਚੋਂ 23 ਸਿਖਿਆਰਥੀਆਂ ਨੇ ਸਫਲਤਾਪੂਰਵਕ ਕੋਰਸ ਪੂਰਾ ਕੀਤਾ। ਇਸ ਕੋਰਸ ਦਾ ਸਮਾਪਤੀ ਸਮਾਰੋਹ ਕੀਤਾ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਰਹਿ ਕੇ ਆਪਣੇ ਕਿੱਤੇ ਨੂੰ ਪ੍ਰਫੁਲਿਤ ਕਰਨ ਸਬੰਧੀ ਪ੍ਰੇਰਿਆ। ਡਾ. ਭੁੱਲਰ ਨੇ ਇਸ ਕੋਰਸ ਦੇ ਸਿਖਿਆਰਥੀਆਂ ਲਈ ਵਿਸ਼ੇਸ਼ ਤੌਰ’ਤੇ ਤਿਆਰ ਕੀਤਾ ਕਿਤਾਬਚਾ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਉਹਨਾਂ ਕਿਹਾ ਕਿ ਇਹ ਲੈਕਚਰ ਸੰਗ੍ਰਹਿ ਸਿਖਿਆਰਥੀਆਂ ਲਈ ਜਾਣਕਾਰੀ ਸੰਭਾਲਣ ਦਾ ਵਧੀਆ ਸਰੋਤ ਹੈ। ਉਹ ਇਸ ਕੋਰਸ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਿਤੀ 01 ਅਗਸਤ, 2024 ਨੂੰ ਸ਼ੁਰੂ ਹੋਇਆ ਸੀ ਜੋ ਕਿ ਮਿਤੀ 30 ਅਕਤੂਬਰ, 2024 ਤੱਕ ਲਗਾਇਆ ਗਿਆ। ਇਸ ਮੌਕੇ ‘ਤੇ ਕੋਰਸ ਕੋਆਰਡੀਨੇਟਰ ਡਾ. ਪ੍ਰੀਤਇੰਦਰ ਕੌਰ ਨੇ ਇਸ ਕੋਰਸ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕੋਰਸ ਰਿਪੋਰਟ ਵੀ ਸਾਰਿਆਂ ਨਾਲ ਸਾਂਝੀ ਕੀਤੀ। ਅੰਤ ਵਿੱਚ ਇਸ ਕੋਰਸ ਦੇ ਕੋ-ਕੋਆਰਡੀਨੇਟਰ ਸ੍ਰੀਮਤੀ ਕੰਵਲਜੀਤ ਕੌਰ ਨੇ ਆਏ ਹੋਏ ਮਹਿਮਾਨਾਂ, ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।