ਕੰਗਣਾ ਰਣੌਤ ਦੇ ਵੱਜੇ ਥੱਪੜ 'ਤੇ ਗਾਏ ਗੀਤਾਂ ਦੀ ਧੱਕ ਨਾਲ ਗੂੰਜਿਆ ਸੋਸ਼ਲ ਮੀਡੀਆ
ਅਸ਼ੋਕ ਵਰਮਾ
ਬਠਿੰਡਾ, 7 ਜੂਨ 2024: ਵੀਰਵਾਰ ਸ਼ਾਮ ਨੂੰ ਮੋਹਾਲੀ ਹਵਾਈ ਅੱਡੇ ਤੇ ਸੀ ਆਈ ਐਸ ਐਫ ਦੀ ਮੁਲਾਜਮ ਕੁਲਵਿੰਦਰ ਕੌਰ ਵੱਲੋਂ ਭਾਜਪਾ ਦੀ ਨਵੀਂ ਚੁਣੀ ਮੈਂਬਰ ਪਾਰਲੀਮੈਂਟ ਅਤੇ ਨਾਮਵਾਰ ਫਿਲਮ ਅਭਿਨੇਤਰੀ ਕੰਗਣਾ ਰਣੌਤ ਨੂੰ ਮਾਰੇ ਥੱਪੜ ਦੀ ਗੂੰਜ ਦਾ ਖਿਲਾਰਾ ਰੀਲ੍ਹਾਂ ਦੇ ਨਾਲ ਨਾਲ ਪੰਜਾਬ ਦੀ ਹੱਟੀ ਭੱਠੀ ਅਤੇ ਸੋਸ਼ਲ ਮੀਡੀਆ ਤੇ ਪਿਆ ਹੋਇਆ ਹੈ। ਹਾਲਾਂਕਿ ਇਸ ਥੱਪੜ ਕਾਂਡ ਬਾਰੇ ਹਰ ਕਿਸੇ ਦੀ ਨਿੱਜੀ ਰਾਏ ਵੱਖੋ ਵੱਖਰੀ ਹੋ ਸਕਦੀ ਹੈ ਪਰ ਪੰਜਾਬ ਵਿੱਚ ਤਾਂ ਕੁਲਵਿੰਦਰ ਕੌਰ ਦੀ ਦੀਦਾ ਦਲੇਰੀ ਨੂੰ ਸਲੂਟ ਵੱਜ ਰਹੇ ਹਨ। ਇਸ ਕਾਂਡ ਸਬੰਧੀ ਗਾਇਕ ਹੈਰੀ ਧਨੋਆ ਨੇ ਆਪਣੇ ਗੀਤ ਦੀਆਂ ਕੁੱਝ ਸਤਰਾਂ ਨਾਲ ਇੱਕ ਰੀਲ੍ਹ ਬਣਾਈ ਹੈ ਜੋ ਰਾਤੋ ਰਾਤ ਵੱਡੀ ਪੱਧਰ ਤੇ ਵਾਇਰਲ ਹੋ ਗਈ ਹੈ।
ਵੱਡੀ ਗੱਲ ਇਹ ਹੈ ਕਿ ਹੈਰੀ ਧਨੋਆ ਦੀ ਰੀਲ੍ਹ ਇਸ ਵੇਲੇ ਟਰੈਂਡਿੰਗ ’ਚ ਚੱਲ ਰਹੀ ਹੈ ਜਿਸ ਨੂੰ ਥੱਪੜ ਕਾਂਡ ਦੇ ਕੁੱਝ ਘੰਟਿਆਂ ਦੇ ਅੰਦਰ ਅੰਦਰ ਮਿਲੀਅਨ ਲੋਕ ਦੇਖ ਸੁਣ ਚੁੱਕੇ ਹਨ ਅਤੇ ਲਗਾਤਾਰ ਦੇਖੀ ਜਾ ਰਹੀ ਹੈ। ਹੈਰੀ ਧਨੋਆ ਵੱਲੋਂ ਗਾਏ ਗੀਤ ਦੇ ਬੋਲ ਹਨ ‘ਜੱਟੀਏ ਪੰਜਾਬ ਦੀਏ ਅੱਤ ਕਰਵਾਤੀ ,ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ –ਦਿੱਲੀ ਤੱਕ ਪਹੁੰਚਗੀ ਅਵਾਜ਼ ਮਿੱਤਰੋ - ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ। ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ ਅੱਜ ਸੁਣਿਆ ਜਿੱਤਕੇ ਲਫੇੜਾ ਵੱਜਿਆ। ਹੈਰੀ ਧਨੋਆ ਆਖਦਾ ਹੈ ਕਿ ਕੁਲਵਿੰਦਰ ਕੌਰ ਨੇ ਕਿਸਾਨੀ ਲਈ ਜੋ ਕੀਤਾ ਹੈ ਉਹ ਲਾਮਿਸਾਲ ਹੈ। ਉਸ ਨੇ ਮੰਨਿਆ ਕਿ ਇਸ ਰੀਲ੍ਹ ਰਾਹੀਂ ਪੇਸ਼ ਕੀਤੇ ਗੀਤ ਨੇ ਕੁੱਝ ਕੁ ਘੰਟਿਆਂ ਵਿੱਚ ਹੀ ਵੱਡੀ ਪਛਾਣ ਅਤੇ ਪ੍ਰਸਿੱਧੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਤਾਂ ਉਸ ਨੂੰ ਲਫੇੜੇ ਵਾਲਾ ਕਲਾਕਾਰ ਆਖਣ ਲੱਗੇ ਹਨ ਜੋਕਿ ਹੁਣ ਉਸ ਲਈ ਹੁਣ ਇੱਕ ਤਰਾਂ ਨਾਲ ਮਾਣ ਵਾਲੀ ਗੱਲ ਹੈ। ਹੈਰੀ ਧਨੋਆ ਦੱਸਦਾ ਹੈ ਕਿ ਹਾਲਾਂਕਿ ਪਹਿਲਾਂ ਜਦੋਂ ਕੰਗਣਾ ਰਣੌਤ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਬਾਰੇ ਕਾਫੀ ਮੰਦੀ ਭਾਸ਼ਾ ’ਚ ਬੋਲੀ ਤਾਂ ਉਸ ਨੂੰ ਕਈ ਗਾਇਕ ਕਲਾਕਾਰਾਂ ਨੇ ਆਪਣੇ ਢੰਗ ਜਵਾਬ ਦਿੱਤਾ ਸੀ ਪਰ ਉਸ ਦੀ ਬੋਲਬਾਣੀ ’ਚ ਕੋਈ ਸੁਧਾਰ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਮਨ ’ਚ ਰੀਝ ਸੀ ਕਿ ਉਹ ਵੀ ਕੰਗਣਾ ਰਣੌਤ ਬਾਰੇ ਅਜਿਹਾ ਕੁੱਝ ਪੇਸ਼ ਕਰੇ ਪਰ ਉਸ ਨੂੰ ਮੌਕਾ ਨਹੀਂ ਮਿਲ ਸਕਿਆ ਜੋ ਹੁਣ ਇਸ ਥੱਪੜ ਕਾਂਡ ਨੇ ਮੁਹੱਈਆ ਕਰਵਾ ਦਿੱਤਾ ਹੈ।
ਹੈਰੀ ਧਨੋਆ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਉਹ ਆਪਣੇ ਸਟੂਡੀਓ ਵਿੱਚ ਬੈਠਾ ਸੀ ਤਾਂ ਕੰਗਣਾ ਰਣੌਤ ਦੇ ਇੱਕ ਮਹਿਲਾ ਮੁਲਾਜਮ ਵੱਲੋਂ ਅਚਾਨਕ ਇਸ ਤਰਾਂ ਥੱਪੜ ਮਾਰੇ ਜਾਣ ਬਾਰੇ ਖਬਰਾਂ ਆਉਣ ਲੱਗੀਆਂ। ਉਨ੍ਹਾਂ ਦੱਸਿਆ ਕਿ ਖਬਰ ਸੁਣਨ ਤੋਂ ਬਾਅਦ ਮਨ ’ਚ ਇਹ ਖਿਆਲ ਆਇਆ ਤਾਂ ਗੀਤ ਬਨਾਉਣ ਦਾ ਫੈਸਲਾ ਕਰ ਲਿਆ ਜਿਸ ਦੇ ਬੋਲ ਉੱਥੇ ਬੈਠਿਆਂ ਬੈਠਿਆਂ ਹੀ ਲਿਖ ਲਏ। ਉਨ੍ਹਾਂ ਕਿਹਾ ਕਿ ਇਹ ਗੀਤ ਗਾਇਆ 10 -15 ਮਿੰਟਾਂ ਵਿੱਚ ਹੀ ਰੀਲ੍ਹ ਬਣਾਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਧਨੋਆ ਆਖਦਾ ਹੈ ਕਿ ਹੁਣ ਉਸ ਨੂੰ ਕਈ ਕੰਪਨੀਆਂ ਦੇ ਫੋਨ ਆ ਰਹੇ ਹਨ ਅਤੇ ਹੁਣ ਉਹ ਜਲਦੀ ਹੀ ਇਸ ਗੀਤ ਦੇ ਬਾਕੀ ਪਹਿਰਿਆਂ ਨੂੰ ਮੁਕੰਮਲ ਕਰਕੇ ਗਾਉਣ ਦੀ ਤਿਆਰੀ ’ਚ ਜੁਟ ਜਾਣ ਬਾਰੇ ਸੋਚ ਰਿਹਾ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਨਵੀਂ ਸੰਸਦ ਮੈਂਬਰ ਚੁਣੀ ਕੰਗਨਾ ਰਣੌਤ ਦਿੱਲੀ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜੀ ਸੀ ਜਿੱਥੇ ਕੇੇਂਦਰੀ ਸਨਅਤੀ ਸੁਰੱਖਿਆ ਫੋਰਸ (ਸੀਆਈਐੱਸਐੱਫ) ਦੀ ਮਹਿਲਾ ਕਾਂਸਟੇਬਲ ਨੇ ਉਸ ਦੇ ਕਥਿਤ ਤੌਰ ’ਤੇ ਥੱਪੜ ਮਾਰਿਆ। ਮਹਿਲਾ ਕਾਂਸਟੇਬਲ ਕੰਗਨਾ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਖਫ਼ਾ ਦੱਸੀ ਜਾ ਰਹੀ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਹਿਲਾ ਕਾਂਸਟੇਬਲ ਵੱਲੋਂ ਜਦੋਂ ਹਵਾਈ ਅੱਡੇ ’ਤੇ ਸਕਿਉਰਿਟੀ ਚੈੱਕ ਬਾਰੇ ਕਿਹਾ ਤਾਂ ਇਸ ਦੌਰਾਨ ਕੰਗਨਾ ਰਣੌਤ ਭੜਕ ਗਈ ਅਤੇ ਲੜਕੀ ਨੂੰ ਕਥਿਤ ਤੌਰ ਤੇ ਬੋਲ ਕੁਬੋਲ ਬੋਲੇ ਜਿਸ ਤੋਂ ਬਾਅਦ ਗੁੱਸੇ ’ਚ ਆਈ ਸੁਰੱਖਿਆ ਮੁਲਾਜਮ ਨੇ ਥੱਪੜ ਮਾਰ ਦਿੱਤਾ।
ਢਾਡੀ ਜੱਥੇ ਨੇ ਵੀ ਕੱਢੀ ਕੜਿੱਲ
ਕੰਗਣਾ ਰਣੌਤ ਦੇ ਥੱਪੜ ਵੱਜਣ ਤੋਂ ਬਾਅਦ ਗਾਏ ਗੀਤਾਂ ’ਚ ਬੀਬੀ ਵੀਰਪਾਲ ਕੌਰ ਖਾਲਸਾ ਦਾ ਢਾਡੀ ਜੱਥਾ ਵੀ ਸ਼ਾਮਲ ਹੋ ਗਿਆ ਹੈ ਜਿੰਨ੍ਹਾਂ ਨੇ ਢੱਡ ਸਾਰੰਗੀ ਤੇ ਲੂੰਅ ਕੰਡੇ ਖੜ੍ਹੇ ਕਰਨ ਵਾਲੀ ਵਾਰ ਗਾਈ ਹੈ। ਬੀਬੀਆਂ ਨੇ ਵਾਰ ’ਚ ਕਿਹਾ ਕਿ ਬੇਅਕਲੀ ਕੰਗਣਾ ਏ ਭੂਸਰੀ ਛਿੱਤਰ ਭਾਲਦੀ ਫਿਰਦੀ। ਪਿਛਲੇ 18 ਘੰਟਿਆਂ ਦੌਰਾਨ ਫੇਸਬੁੱਕ ਤੇ ਇਸ ਢਾਡੀ ਵਾਰ ਨੂੰ ਸਾਢੇ 10 ਹਜ਼ਾਰ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਚੁੱਕਿਆ ਹੈ 12ਸੌ ਤੋਂ ਵੱਧ ਲੋਕਾਂ ਨੇ ਕੁਮੈਂਟ ਕੀਤੇ ਹਨ।
ਕਿਸਾਨਾਂ ਖਿਲਾਫ ਬੋਲੀ ਕੰਗਨਾ ਰਣੌਤ
ਕੰਗਨਾ ਰਣੌਤ ਪਹਿਲੀ ਵਾਰ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਇਤਿਹਾਸਕ ਅੰਦੋਲਨ ਦੌਰਾਨ ਕਿਸਾਨੀ ਘੋਲ ਅਤੇ ਬਠਿੰਡਾ ਜਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਖਿਲਾਫ ਬੋਲ ਕੁਬੋਲ ਕਰਨ ਕਾਰਨ ਚਰਚਾ ’ਚ ਆਈ ਸੀ। ਕੰਗਣਾ ਨੇ ਦਿੱਲੀ ’ਚ ਕਿਸਾਨ ਅੰਦੋਲਨ ਵਿਚ ਆਈ ਇੱਕ ਬਜੁਰਗ ਔਰਤ ਮਹਿੰਦਰ ਕੌਰ ਨੂੰ ‘ਭਾੜੇ ਦੀ ਔਰਤ’ ਦੱਸਿਆ ਸੀ। ਕੰਗਣਾ ਰਣੌਤ ਨੇ ਟਵੀਟ ਕਰਕੇ ਕਿਹਾ ਸੀ ਕਿ ਇਹ ਮਾਈ ਕਿਸਾਨ ਅੰਦੋਲਨ ’ਚ 100 ਰੁਪਿਆ ਭਾੜਾ ਲੈ ਕੇ ਕੁੱਦਣ ਵਾਲੀਆਂ ਔਰਤਾਂ ’ਚ ਹੈ। ਕੰਗਣਾ ਰਣੌਤ ਨੂੰ ਲਾਹਨਤਾਂ ਪੈਣ ਮਗਰੋਂ ਆਪਣਾ ਟਵੀਟ ਡਿਲੀਟ ਕਰਨਾ ਪਿਆ ਸੀ।