← ਪਿਛੇ ਪਰਤੋ
ਇਫਟੂ ਨੇ ਮਲਵਿੰਦਰ ਮਾਲੀ ਦੀ ਰਿਹਾਈ ਮੰਗੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਸਤੰਬਰ 2024- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਉੱਪ-ਸਕੱਤਰ ਅਵਤਾਰ ਸਿੰਘ ਤਾਰੀ ਨੇ ਸਾਬਕਾ ਵਿਦਿਆਰਥੀ ਆਗੂ ਅਤੇ ਚਿੰਤਕ ਮਲਵਿੰਦਰ ਸਿੰਘ ਮਾਲੀ ਵਿਰੁੱਧ ਮੁਹਾਲੀ ਪੁਲਸ ਵਲੋਂ ਭਾਰਤੀ ਨਿਆਂਏ ਸੰਹਿਤਾ ਦੀਆਂ 199,296 ਤਹਿਤ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਉਸਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਆਪ ਦੇ ਮੈਂਬਰ ਅਤੇ ਸਰਕਾਰ ਵੱਲੋਂ ਆਪੇ ਥਾਪੇ ਗਊ ਰੱਖਿਆ ਕਮਿਸ਼ਨ ਦੇ ਮੈਂਬਰ ਅਮਿਤ ਜੈਨ ਕੋਲੋਂ ਮਾਲੀ ਵਿਰੁੱਧ ਯੋਜਨਾਬੱਧ ਢੰਗ ਨਾਲ਼ ਪੁਲਸ ਕੋਲ ਸ਼ਿਕਾਇਤ ਕਰਵਾ ਕੇ ਉਸ ਉੱਤੇ ਧਾਰਮਿਕ ਭਾਵਨਾਵਾਂ ਨੂੰ ਢੇਸ ਪਹੁੰਚਾਉਣ ਦਾ ਦੋਸ਼ ਲਾਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਅਮਲ ਨਾਲ ਮਾਨ ਸਰਕਾਰ ਦੇ ਚਿਹਰੇ ਤੋਂ ਜਮਹੂਰੀਅਤ ਦਾ ਪਰਦਾ ਉਤਰਨ ਨਾਲ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ।ਆਗੂਆਂ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਅਤੇ ਸੀ ਬੀ ਆਈ ਵਲੋਂ ਗ੍ਰਿਫਤਾਰ ਕਰਨ ਉੱਤੇ ਹਾਲ ਦੁਹਾਈ ਮਚਾਉਣ ਵਾਲੀ ਮਾਨ ਸਰਕਾਰ ਖੁਦ ਉਹਨਾਂ ਰਾਹਾਂ ਉੱਤੇ ਚੱਲ ਰਹੀ ਹੈ।ਮਲਵਿੰਦਰ ਸਿੰਘ ਮਾਲੀ ਵਲੋਂ ਕੀਤੀ ਜਾਂਦੀ ਅਲੋਚਨਾ ਮਾਨ ਸਰਕਾਰ ਸਹਿ ਨਹੀਂ ਸਕੀ ਜਿਸ ਕਾਰਨ ਮਾਲੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਮਾਨ ਸਰਕਾਰ ਨੇ ਅਜਿਹਾ ਕਰਕੇ ਸਰਕਾਰ ਦੀ ਨੁਕਤਾਚੀਨੀ ਕਰਨ ਵਾਲਿਆਂ ਵਿੱਚ ਡਰ ਅਤੇ ਭੈਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸਦੇ ਨਾਲ ਮਾਨ ਸਰਕਾਰ ਨੂੰ ਸਗੋਂ ਹੋਰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।ਇਸਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਮਾਨ ਸਰਕਾਰ ਮੋਦੀ ਸਰਕਾਰ ਦੀ ਵਫਾਦਾਰ ਬਣਕੇ ਲਾਗੂ ਕਰ ਰਹੀ ਹੈ।
Total Responses : 204