ਗਦਰੀ ਬਾਬਿਆਂ ਦੇ 33ਵੇਂ ਮੇਲੇ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਦੀ ਲਿਖੀ ਕਿਤਾਬ "ਮੇਰੀ ਜਿੰਦਗੀ ਅਤੇ ਸੰਘਰਸ਼ੀ ਪੈੜਾ" ਰਿਲੀਜ਼
- ਦੇਸ਼ ਦੇ ਹਾਕਮਾਂ ਵੱਲੋਂ ਕਾਰਪੋਰੇਟ ਅਤੇ ਫਾਸ਼ੀਵਾਦ ਰਾਹੀਂ ਪੈਦਾ ਕੀਤੇ ਗਏ ਸੰਕਟ ਖਿਲਾਫ ਅੰਤ ਤੱਕ ਸੰਘਰਸ਼ ਲੜਨ ਦਾ ਅਹਿਦ
ਫਿਰੋਜ਼ਪੁਰ, 9 ਨਵੰਬਰ 2024 - 09/11/2024 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੈੱਸ ਸਕੱਤਰ ਕੰਵਰ ਦਲੀਪ ਸੈਦੋਲੇਹਲ ਵੱਲੋਂ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਅੱਜ ਗਦਰੀ ਬਾਬਿਆਂ ਦੇ 33ਵੇਂ ਮੇਲੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦੂਜੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ, ਕਿਸਾਨ ਆਗੂ ਸਤਨਾਮ ਸਿੰਘ ਪੰਨੂ ਦੀ ਲਿਖੀ ਕਿਤਾਬ "ਮੇਰਾ ਜਿੰਦਗੀਨਾਮਾ ਅਤੇ ਸੰਘਰਸ਼ ਪੈੜਾਂ" ਰਿਲੀਜ਼ ਕੀਤੀ ਗਈ। ਇਸ ਮੌਕੇ ਸੁਰਖ ਰੇਖਾ ਪ੍ਰਕਾਸ਼ਨ ਵੱਲੋਂ ਛੇ ਨਵੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਤੇ ਦੇਸ਼ ਭਰ ਦੇ ਉੱਘੇ ਲੇਖਕਾਂ ਦੀ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ।
ਕਿਤਾਬ ਰਿਲੀਜ਼ ਕਰਨ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਰਦਾਰ ਪਰਮਿੰਦਰ ਸਿੰਘ, ਪੁਰਾਣੇ ਜੁਝਾਰੂ ਆਗੂ ਤੇ ਕਈ ਕਾਮਰੇਡ ਸਾਥੀਆਂ ਸਮੇਤ ਦਰਸ਼ਨ ਸਿੰਘ ਖਟਕੜ, ਉੱਗੇ ਕਵੀ ਸੁਰਜੀਤ ਸਿੰਘ ਜੱਜ, ਉਘੇ ਲੇਖਕ ਭੰਡਾਲ ਨੇ ਕਿਤਾਬ ਰਿਲੀਜ਼ ਕਰਨ ਦੀ ਸੇਵਾ ਨਿਭਾਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੋਲਦਿਆਂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਅਖੌਤੀ ਬੁੱਧੀਜੀਵੀ ਪਿਆਰੇ ਲਾਲ ਗਰਗ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਬਗੈਰ ਕਿਸੇ ਤੱਥਾਂ ਤੇ ਸੱਚਾਈ ਦੇ ਸਟੇਟ ਦੇ ਹੱਕ ਵਿੱਚ ਭੁਗਤਦਿਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੁਆਰਾ ਸਰਕਾਰ ਖਿਲਾਫ ਸੰਘਰਸ਼ ਦਾ ਅਕਸ ਖਰਾਬ ਕਰਨ ਦੀ ਜੋ ਨਾਪਾਕ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਇਸ ਅਖੌਤੀ ਭੱਦਰ ਪੁਰਸ਼ ਨੂੰ ਕਿਸੇ ਥਾਂ ਵੀ ਤੱਥ, ਸਬੂਤ ਅਤੇ ਤਰਕ ਸਹਿਤ ਲਾਇਵ ਸੰਵਾਦ ਕਰਨ ਦੀ ਪੇਸ਼ਕਸ਼ ਕਰਦੇ ਹਾਂ, ਚਰਚਾ ਲਈ ਸਮਾਂ ਸਥਾਨ ਗਰਗ ਜੀ ਵੱਲੋਂ ਤਹਿ ਕਰ ਦਿੱਤਾ ਜਾਵੇ।
ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਗਦਰੀ ਬਾਬਿਆਂ ਨੇ ਵਿਦੇਸ਼ਾਂ ਤੋਂ ਆਪਣੀਆਂ ਜਾਇਦਾਦਾਂ ਵੇਚਕੇ ਅੰਗਰੇਜ਼ ਸਾਮਰਾਜ ਨੂੰ ਭਾਰਤ ਵਿੱਚੋਂ ਕੱਢਣ ਲਈ ਫਾਂਸੀਆਂ ਦੇ ਰੱਸੇ ਚੁੰਮੇ ਅਤੇ ਕਾਲੇ ਪਾਣੀਆਂ ਦੀਆਂ ਜੇਲਾਂ ਵਿੱਚ ਉਮਰਾ ਕੱਟੀਆਂ ਗੋਲੀਆਂ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ ਹਨ। ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਗਦਰੀ ਬਾਬਿਆਂ, ਹੋਰ ਦੇਸ਼ ਭਗਤਾਂ ਅਤੇ ਗੁਰੂਆਂ ਦੇ ਸੁਪਨਿਆਂ ਦਾ ਰਾਜ ਲਿਆਉਣ ਲਈ ਅਤੇ ਦੇਸ਼ ਦੇ ਹਾਕਮਾਂ ਅਤੇ ਭਾਰਤੀ ਸਟੇਟ ਵੱਲੋਂ ਸਾਮਰਾਜ ਦੀ ਸੰਸਥਾਵਾਂ ਅੱਗੇ ਗੋਡੇ ਟੇਕ ਕੇ ਕਾਰਪੋਰੇਟ ਤੇ ਫਾਂਸੀਵਾਦ ਰਾਹੀਂ ਪੈਦਾ ਕੀਤੇ ਜਾ ਰਹੇ ਸੰਕਟ ਅਤੇ ਲੋਕਤੰਤਰ ਦਾ ਬੁਰਕਾ ਪਾ ਕੇ 140 ਕਰੋੜ ਕਿਰਤੀ ਕਾਮਿਆਂ ਬੰਦ ਕੀਤੀ ਜਾ ਰਹੀ ਆਵਾਜ਼ ਵਿਰੁੱਧ ਅੰਤ ਤੱਕ ਤੇ ਜਿੱਤ ਤੱਕ ਲੜਨ ਦਾ ਅਹਿਦ ਦੁਹਰਾਇਆ।
ਉਹਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਮਜ਼ਲੂਮਾਂ ਦੇ ਹੱਕਾਂ ਦੀ ਲੜਾਈ ਵਿੱਚ ਸ਼ਾਮਿਲ ਹੋ ਕੇ ਹੀ ਗਦਰੀ ਬਾਬਿਆਂ ਅਤੇ ਦੇਸ਼ ਭਰ ਦੇ ਸ਼ਹੀਦਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਸਕਦੇ ਹਨ। ਸੋ ਆਮ ਜਨਤਾ ਵੱਧ ਤੋਂ ਵੱਧ ਇਹਨਾਂ ਲਹਿਰਾਂ ਦਾ ਹਿੱਸਾ ਬਣੇ । ਇਸ ਮੌਕੇ ਸੂਬਾ ਆਗੂ ਸੁਵਿੰਦਰ ਸਿੰਘ ਚੁਤਾਲਾ, ਸਤਨਾਮ ਸਿੰਘ ਮਾਣੋਚਾਲ, ਹਰਵਿੰਦਰ ਸਿੰਘ ਮਸਾਣੀਆਂ, ਗੁਰਬਚਨ ਸਿੰਘ ਚੱਬਾ, ਮੰਗਜੀਤ ਸਿੰਘ ਸਿੱਧਵਾਂ, ਸਲਵਿੰਦਰ ਸਿੰਘ ਜਾਣੀਆ, ਕੁਲਵੰਤ ਸਿੰਘ ਮੋਗਾ, ਬਲਜਿੰਦਰ ਸਿੰਘ ਨਿਪਾਲਾ, ਅਮਨਦੀਪ ਸਿੰਘ ਕੱਚਰਭਨ, ਇੰਦਰਜੀਤ ਸਿੰਘ ਕੱਲੀਵਾਲ ਜਰਨੈਲ ਸਿੰਘ ਨੂਰਦੀ, ਸ਼ੇਰ ਸਿੰਘ ਮਹੀਵਾਲ, ਦਿਆਲ ਸਿੰਘ ਮੀਆਵਿੰਡ, ਮਨਜਿੰਦਰ ਸਿੰਘ ਗੋਲਵੜ, ਹਰਬਿੰਦਰ ਸਿੰਘ ਕੰਗ , ਜਗਜੀਤ ਸਿੰਘ ਮੋਗਾ, ਨਿਰੰਜਨ ਸਿੰਘ, ਜਿਲ੍ਹਾ ਆਗੂ ਰਣਜੀਤ ਕੌਰ ਕੱਲ੍ਹਾ , ਦਵਿੰਦਰ ਕੌਰ ਪਿੱਦੀ, ਰਣਜੀਤ ਕੌਰ ਜੰਡੋਕੇ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਹੋਏ।