ਕੌਣ ਬਣੇਗਾ ਗਿੱਦੜਬਾਹਾ ’ਚ ਸਿਆਸੀ ਸ਼ੇਰ ਤੇ ਕੌਣ ਗਿੱਦੜ -ਤੈਅ ਕਰੇਗੀ ਜ਼ਿਮਨੀ ਚੋਣ
ਅਸ਼ੋਕ ਵਰਮਾ
ਬਠਿੰਡਾ,15 ਸਤੰਬਰ 2024: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਪੈਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਾਅਦ ਹਲਕੇ ਦੀ ਸਰਦਾਰੀ ਕਿਸ ਦੇ ਹੱਥ ਆਵੇਗੀ ਤੇ ਕਿਸ ਦੇ ਪੱਲੇ ਪਵੇਗੀ ਹਾਰ ਇਹ ਸਵਾਲ ਹਲਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਇਸ ਹਲਕੇ ’ਚ ਦੋ ਰਿਵਾਇਤੀ ਸਿਆਸੀ ਪਾਰਟੀਆਂ ਹੀ ਜਿੱਤਦੀਆਂ ਆ ਰਹੀਆਂ ਹੋਣ ਕਰਕੇ ਇਹ ਸਵਾਲ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਹਾਲਾਂਕਿ ਇਸ ਹਲਕੇ ਦੀ ਜਿਮਨੀ ਚੋਣ ਦਾ ਐਲਾਨ ਹੋਣਾ ਬਾਕੀ ਹੈ ਪਰ ਅੰਦਰੋ ਅੰਦਰੀ ਸਿਆਸੀ ਅੱਗ ਪੂਰੀ ਤਰਾਂ ਮਘੀ ਹੋਈ ਹੈ। ਖਾਸ ਤੌਰ ਤੇ ਹਾਕਮ ਧਿਰ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰਨ ਲਈ ਸਰਗਰਮੀਆਂ ਕਾਫੀ ਤੇਜ ਕੀਤੀਆਂ ਹੋਈਆਂ ਹਨ। ਇਸ ਦੀ ਮਿਸਾਲ ਪੰਜਾਬ ਸਰਕਾਰ ਦੇ ਵਜ਼ੀਰ ਅਮਨ ਅਰੋੜਾ ਵੱਲੋਂ ਵਿਕਾਸ ਦੇ ਨਾਮ ਹੇਠ ਦਿੱਤੇ ਜਾ ਰਹੇ ਹਲਕੇ ਦੇ ਭਲਵਾਨੀ ਗੇੜਿਆਂ ਤੋਂ ਮਿਲਦੀ ਹੈ।
ਇਸ ਤੋਂ ਇਲਾਵਾ ਵੀ ਹਲਕੇ ’ਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਲਾਏ ਜਾ ਰਹੇ ਸਰਕਾਰੀ ਕੈਂਪ ਵੀ ਇਹ ਦੱਸਣ ਲਈ ਕਾਫੀ ਹਨ ਕਿ ਗਿੱਦੜਬਾਹਾ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਏਜੰਡੇ ਤੇ ਪਹਿਲਾ ਸਥਾਨ ਰੱਖਦਾ ਹੈ। ਹਲਕੇ ਦੇ ਹੁਣ ਤੱਕ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਗਿੱਦੜਬਾਹਾ ਉਹ ਵਿਧਾਨ ਸਭਾ ਹਲਕਾ ਹੈ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਪੰਜ ਵਾਰ ਚੋਣ ਜਿੱਤੇ ਸਨ ਜਦੋਂਕਿ ਇੱਕ ਵਾਰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਸੀ। ਵਿਧਾਨ ਸਭਾ ਹਲਕਾ ਬਣਨ ਉਪਰੰਤ ਸਾਲ 1967 ਦੌਰਾਨ ਹੋਈ ਪਹਿਲੀ ਚੋਣ ਦੌਰਾਨ ਕਾਂਗਰਸ ਦੇ ਹਰਚਰਨ ਬਰਾੜ ਨੇ ਅਕਾਲੀ ਦਲ ਸੰਤ ਦੇ ਉਮੀਦਵਾਰ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਬਰਦਸਤ ਮੁਕਾਬਲੇ ਦੌਰਾਨ 57 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਇਸ ਚੋਣ ’ਚ ਕਾਂਗਰਸ ਦੇ ਹਰਚਰਨ ਬਰਾੜ ਨੂੰ 21,692 ਅਤੇ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 21,635 ਵੋਟਾਂ ਪਈਆਂ ਸਨ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਮਲੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਪਹਿਲੀ ਵਾਰ ਚੋਣ ਲੜੀ ਤੇ ਸੀਪੀਆਈ ਦੇ ਚਿਰੰਜੀ ਲਾਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਦੂਸਰੀ ਵਾਰ 1967 ’ਚ ਗਿੱਦੜਬਾਹਾ ਤੋਂ ਚੋਣ ਲੜੇ ਪਰ ਹਾਰ ਹੋਈ ਸੀ। ਸਾਲ 2022 ਦੀਆਂ ਵਿਧਾਨ ਸਭਾ ਦੌਰਾਨ ਹਲਕਾ ਲੰਬੀ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਹਾਰਨ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਇਹ ਇਕਲੌਤੀ ਹਾਰ ਰਹੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1969, 1972, 1977, 1980 ਅਤੇ 1985 ਦੀ ਹਰ ਵਿਧਾਨ ਸਭਾ ਚੋਣ ਲੜੀ ਤੇ ਹਰੇਕ ਵਾਰੀ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ।
ਪ੍ਰਕਾਸ਼ ਸਿੰਘ ਬਾਦਲ ਦੇ ਜੇਤੂ ਰਥ ਕਾਰਨ ਗਿੱਦੜਬਾਹਾ ਵਿਧਾਨ ਸਭਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਇੱਥੇ ਹੁਣ ਤਕ ਕੁੱਲ 14 ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਅਕਾਲੀ ਦਲ ਨੇ 9 ਵਾਰ ਅਤੇ ਕਾਂਗਰਸ ਨੇ ਪੰਜ ਵਾਰ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਪਹਿਲੀ ਚੋਣ ਜਿੱਤਣ ਤੋਂ ਬਾਅਦ 1992 ਵਿੱਚ ਦੂਜੀ ਵਾਰ ਚੋਣ ਉਦੋਂ ਜਿੱਤੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਉਸ ਮਗਰੋਂ ਸਾਲ 1995 ਦੌਰਾਨ ਹੋਈ ਜਿਮਨੀ ਚੋਣ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਦੇ ਮੁਕਾਬਲੇ ’ਚ ਆਪਣੇ ਨੌਜਵਾਨ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਦਬਦਬੇ ਦੇ ਬਾਵਜੂਦ ਅਕਾਲੀ ਉਮੀਦਵਾਰ ਸ਼ਾਨ ਨਾਲ ਜਿੱਤਣ ’ਚ ਸਫਲ ਹੋਇਆ ਸੀ।
ਸਾਲ 1995 ਤੋਂ 2007 ਤੱਕ ਮਨਪ੍ਰੀਤ ਸਿੰਘ ਬਾਦਲ ਨੇ ਲਗਾਤਾਰ ਇੱਥੋਂ ਅਕਾਲੀ ਉਮੀਦਵਾਰ ਦੇ ਤੌਰ ਤੇ ਜਿੱਤ ਹਾਸਲ ਕੀਤੀ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਪ੍ਰੀਵਾਰ ’ਚ ਫੁੱਟ ਪੈਣ ਕਾਰਨ ਮਨਪ੍ਰੀਤ ਬਾਦਲ ਨੇ ਨਵੀਂ ਸਿਆਸੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾ ਲਈ ਜਿਸ ਦਾ ਸਿੱਧਾ ਫਾਇਦਾ ਕਾਂਗਰਸ ਨੇ ਉਠਾਇਆ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਦੀ ਚੋਣ ਜਿੱਤਣ ’ਚ ਸਫਲ ਹੋ ਗਿਆ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸੀਟ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੂਜੀ ਵਾਰ ਅਤੇ ਸਾਲ 2022 ਦੀਆਂ ਚੋਣਾਂ ਦੌਰਾਨ ਤੀਸਰੀ ਵਾਰ ਜਿੱਤ ਹਾਸਲ ਕੀਤੀ। ਸਾਲ 2022 ਦੀਆਂ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਅਤੇ ਆਪ ਉਮੀਦਵਾਰ ਪ੍ਰਸ਼ੋਤਮ ਸ਼ਰਮਾ ਦੇ ਮੁਕਾਬਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਦਾ ਅੰਕੜਾ ਜਿਆਦਾ ਵੱਡਾ ਨਾਂ ਰਹਿ ਸਕਿਆ।
ਜ਼ਿਮਨੀ ਚੋਣ ਤੈਅ ਕਰੇਗੀ ਸਿਆਸੀ ਸ਼ੇਰ
ਲੋਕ ਸਭਾ ਹਲਕਾ ਲੁਧਿਆਣਾ ਦੀ ਚੋਣ ਜਿੱਤਣ ਕਾਰਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਮਐਲਏ ਵਜੋਂ ਅਸਤੀਫਾ ਦੇਣਾ ਪਿਆ ਸੀ। ਇਸ ਅਸਤੀਫੇ ਕਾਰਨ ਖਾਲੀ ਹੋਏ ਹਲਕੇ ’ਚ ਹੁਣ ਜਿਮਨੀ ਚੋਣ ਕਰਵਾਈ ਜਾਏਗੀ ਜੋ ਤੈਅ ਕਰੇਗੀ ਕਿ ਗਿੱਦੜਬਾਹਾ ਦਾ ਅਗਲਾ ਸਿਆਸੀ ਸ਼ੇਰ ਕੌਣ ਹੋਵੇਗਾ। ਸਾਲ 2022 ’ਚ ਅਕਾਲੀ ਉਮੀਦਵਾਰ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਹਲਕੇ ’ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਸਰਗਰਮੀਆਂ ਚਲਾ ਰਹੀ ਹੈ ਜਦੋਂ ਕਿ ਅਕਾਲੀ ਦਲ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਚੋਣ ਇੰਚਾਰਜ ਬਣਾਇਆ ਹੈ।