ਡੇਰਾ ਪ੍ਰੇਮੀਆਂ ਦੇ ਉੱਘੜੇ ਬੈਂਗਣੀ ਤੋਂ ਉੱਡੇ ਉਮੀਦਵਾਰਾਂ ਦੇ ਰੰਗ
ਅਸ਼ੋਕ ਵਰਮਾ
ਬਠਿੰਡਾ, 21 ਨਵੰਬਰ 2023: ਚੋਣਾਂ ਦੌਰਾਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੇ ਡੇਰਾ ਸਿਰਸਾ ਪੈਰੋਕਾਰਾਂ ਦੇ ਗਿੱਦੜਬਾਹਾ ਅਤੇ ਬਰਨਾਲਾ ਹਲਕਿਆਂ ’ਚ ਚੁੱਪ ਚੁਪੀਤੇ ਵੋਟਾਂ ਪਾਉਣ ਦੇ ਉੱਘੜੇ ਬੈਂਗਣੀ ਨੇ ਸਿਆਸੀ ਜੰਗ ਲੜ ਰਹੇ ਉਮੀਦਵਾਰਾਂ ਦੇ ਰੰਗ ਬਦਰੰਗ ਕਰ ਦਿੱਤੇ ਹਨ। ਇਕੱਲੇ ਉਮੀਦਵਾਰ ਹੀ ਨਹੀਂ ਬਲਕਿ ਪੰਜਾਬ ਦੀ ਸੀਆਈਡੀ ਵੀ ਚੱਕਰਾਂ ’ਚ ਪਈ ਹੋਈ ਹੈ ਕਿ ਆਖਿਰ ਅਜਿਹਾ ਕਿਹੜਾ ਸੱਪ ਸੁੰਘ ਗਿਆ ਕਿ ਡੇਰਾ ਪ੍ਰੇਮੀਆਂ ਨੇ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਵੋਟਾਂ ਪਾਇਆਂ ਹਨ। ਚੋਣ ਪ੍ਰਚਾਰ ਦੌਰਾਨ ਸਮੂਹ ਸਿਆਸੀ ਧਿਰਾਂ ਨੇ ਡੇਰਾ ਪੈਰੋਕਾਰਾਂ ਨੂੰ ਚੋਗਾ ਪਾਇਆ ਸੀ ਜਿਸ ਨੂੰ ਚੁਗਣ ਪ੍ਰਤੀ ਹਰ ਉਮੀਦਵਾਰ ਪੂਰਾ ਆਸਵੰਦ ਸੀ। ਇਸ ਪੱਤਰਕਾਰ ਵੱਲੋਂ ਲਏ ਜਾਇਜੇ ਅਨੁਸਾਰ ਪਹਿਲੀ ਦਫ਼ਾ ਏਦਾਂ ਹੋਇਆ ਹੈ ਕਿ ਜਿਸ ਤਰਾਂ ਐਤਕੀਂ ਡੇਰਾ ਪ੍ਰੇਮੀਆਂ ਵੱਲੋਂ ਇਸ ਤਰਾਂ ਪਾਈਆਂ ਵੋਟਾਂ ਕਾਰਨ ਸਿਆਸੀ ਗਿਣਤੀਆਂ ਮਿਣਤੀਆਂ ਫੇਲ੍ਹ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਵੱਖ ਵੱਖ ਥਾਵਾਂ ਤੋਂ ਹਾਸਲ ਰਿਪੋਰਟਾਂ ਅਨੁਸਾਰ ਗਿਣਤੀ ਦੇ ਮਾਮਲਿਆਂ ਨੂੰ ਛੱਡਕੇ ਡੇਰਾ ਪ੍ਰੇਮੀਆਂ ਨੇ ਵੋਟਾਂ ਪਾਉਣ ਲਈ ਜਾਣ ਵਾਸਤੇ ਸਿਆਸੀ ਧਿਰਾਂ ਦੀਆਂ ਗੱਡੀਆਂ ’ਚ ਬੈਠਣ ਤੋਂ ਪੂਰੀ ਤਰਾਂ ਗੁਰੇਜ਼ ਕੀਤਾ । ਉਨ੍ਹਾਂ ਪਹਿਲਾਂ ਵਾਂਗ ਕਾਫਲੇ ਵੀ ਨਹੀਂ ਬੰਨ੍ਹੇ ਅਤੇ ਬਾਹਰੀ ਤੌਰ ’ਤੇ ਉਤਸ਼ਾਹ ਵੀ ਨਹੀਂ ਦਿਖਾਇਆ। ਵੋਟ ਕਿਸੇ ਨੂੰ ਵੀ ਪਾਈ ਹੋਵੇ ਪਰ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਵੋਟਾਂ ਪਾਉਣ ਗਏ ਡੇਰਾ ਪ੍ਰੇਮੀਆਂ ਨੇ ਆਪਣੇ ਜਾਣਕਾਰਾਂ ਨਾਲ ਦੁਆ ਸਲਾਮ ਤਾਂ ਕੀਤੀ ਪਰ ਭਰਮ ਭੁਲੇਖੇ ਦੇ ਡਰੋਂ ਬਾਹਰ ਤਾਇਨਾਤ ਸਿਆਸੀ ਧਿਰਾਂ ਦੇ ਕਾਰਕੁੰਨਾਂ ਨਾਲ ਅੱਖ ਤੱਕ ਨਹੀਂ ਮਿਲਾਈ। ਇੱਕ ਕੱਟੜ ਡੇਰਾ ਸ਼ਰਧਾਲੂ ਨੇ ਮੰਨਿਆ ਕਿ ਉਨ੍ਹਾਂ ਨੇ ਆਪਸੀ ਸਲਾਹ ਨਾਲ ਫੈਸਲਾ ਲਿਆ ਸੀ ਕਿ ਕਿਸੇ ਵੀ ਸਿਆਸੀ ਲੀਡਰ ਦੇ ਝਾਂਸੇ ਵਿੱਚ ਬਿਲੁਕਲ ਨਹੀਂ ਆਉਣਾ, ਅਫ਼ਵਾਹਾਂ ਤੋਂ ਸੁਚੇਤ ਰਹਿਣਾ ਅਤੇ ਵੋਟਾਂ ਆਪਣੀ ਮਨਮਰਜੀ ਨਾਲ ਪਾਉਣੀਆਂ ਹਨ।
ਗੌਰਤਲਬ ਹੈ ਕਿ ਸਾਲ 2007 ’ਚ ਡੇਰਾ ਸਿਰਸਾ ਨੇ ਕਾਂਗਰਸ ਦੀ ਨੰਗੀ ਚਿੱਟੀ ਹਮਾਇਤ ਕੀਤੀ ਸੀ । ਉਸ ਮਗਰੋਂ ਡੇਰਾ ਸਿਰਸਾ ਦੋ ਵਾਰੀ ਅਕਾਲੀ ਦਲ ਦੇ ਹੱਕ ’ਚ ਵੀ ਭੁਗਤ ਚੁੱਕਿਆ ਹੈ। ਸਿਆਸੀ ਫੈਸਲੇ ਨਸ਼ਰ ਕਰਕੇ ਡੇਰਾ ਪੈਰੋਕਾਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਸਮੂਹ ਸਿਆਸੀ ਵਿੰਗ ਭੰਗ ਕਰ ਦਿੱਤੇ ਸਨ। ਗਿੱਦੜਬਾਹਾ ਤੇ ਬਰਨਾਲਾ ਹਲਕੇ ਚੋਂ ਇਸ ਸਬੰਧੀ ਹਾਸਲ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਐਤਕੀਂ ਸਿਆਸੀ ਟਕਰਾਅ ਤੋਂ ਪਾਸਾ ਵੱਟਦਾ ਦਿਖਾਈ ਦਿੱਤਾ। ਦੱਸ ਦੇਈਏ ਕਿ ਗਿੱਦੜਬਾਹਾ ਤੇ ਬਰਨਾਲਾ ਹਲਕਿਆਂ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਗਿਣਤੀ ਕਾਫੀ ਵੱਡੀ ਹੈ। ਕਿਸੇ ਇੱਕ ਅੱਧੀ ਨੂੰ ਛੱਡਕੇ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਸਿਆਸੀ ਲਾਹੇ ਲਈ ਡੇਰਾ ਪ੍ਰੇਮੀਆਂ ਨੂੰ ਸ਼ੀਸ਼ੇ ’ਚ ਉਤਾਰਨ ਦੀਆਂ ਕੋਸ਼ਿਸ਼ਾਂ ’ਚ ਜੁਟੀਆਂ ਰਹੀਆਂ।
ਇਨ੍ਹਾਂ ਯਤਨਾਂ ਦਾ ਹੁਣ ਕੀ ਨਤੀਜਾ ਨਿਕਲਦਾ ਹੈ ਇਹ ਤਾਂ 23 ਨਵੰਬਰ ਨੂੰ ਗਿਣਤੀ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਡੇਰਾ ਸ਼ਰਧਾਲੂਆਂ ਵੱਲੋਂ ਸਿਉਂਤੇ ਬੁੱਲ੍ਹਾਂ ਨੇ ਉਮੀਦਵਾਰਾਂ ਨੂੰ ਧੁੜਕੂ ਲਾਇਆ ਹੋਇਆ ਹੈ। ਇੱਕ ਸਿਆਸੀ ਪਾਰਟੀ ਦੇ ਸਰਗਰਮ ਕਾਰਕੁੰਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਤੱਕ ਬਹੁਤੇ ਲੋਕਾਂ ਵੱਲੋਂ ਡੇਰਾ ਪੈਰੋਕਾਰਾਂ ਦੇ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਭੁਗਤਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਜਿਸ ਨੇ ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਨੂੰ ਕਾਫੀ ਹੌਂਸਲੇ ’ਚ ਕੀਤਾ ਹੈ । ਦੂਜੇ ਪਾਸੇ ਡੇਰਾ ਪ੍ਰੇਮੀਆਂ ਦਾ ਤੁਣਕਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੱਕ ’ਚ ਡਿੱਗਣ ਦੀ ਚੁੰਝ ਚਰਚਾ ਦਾ ਬਜ਼ਾਰ ਵੀ ਗਰਮ ਰਿਹਾ ਹੈ। ਹੁਣ ਹਰ ਸਿਆਸੀ ਧਿਰ ਇਹੋ ਪਤਾ ਲਾਉਣ ਦੇ ਯਤਨ ਕਰਨ ’ਚ ਜੁਟੀ ਹੋਈ ਹੈ ਕਿ ਡੇਰਾ ਪ੍ਰੇਮੀਆਂ ਨੇ ਕਿਸ ਨੂੰ ਸਿਆਸੀ ਆਸ਼ੀਰਵਾਦ ਦਿੱਤਾ ਹੈ।
ਸੂਤਰ ਆਖਦੇ ਹਨ ਕਿ ਪੰਜਾਬ ਭਾਜਪਾ ਦੇ ਕੁੱਝ ਆਗੂਆਂ ਨੇ ਪਾਰਟੀ ਹਾਈ ਕਮਾਨ ਨੂੰ ਗਿੱਦੜਬਾਹਾ ਅਤੇ ਬਰਨਾਲਾ ਹਲਕਿਆਂ ਵਿੱਚ ਡੇਰਾ ਸਿਰਸਾ ਪ੍ਰੇਮੀਆਂ ਦੇ ਸਿਆਸੀ ਵਜ਼ਨ ਤੋਂ ਜਾਣੂੰ ਕਰਵਾਇਆ ਸੀ। ਵੱਡੀ ਗੱਲ ਇਹ ਵੀ ਹੈ ਕਿ ਇਸ ਵੇਲੇ ਜਦੋਂ ਪੰਜਾਬ ਸਰਕਾਰ ਬੇਅਦਬੀ ਮਾਮਲਿਆਂ ਨੂੰ ਲੈਕੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵਿੱਚ ਕਟਹਿਰੇ ’ਚ ਖੜ੍ਹਾ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਠੀਕ ਉਦੋਂ ਭਾਜਪਾ ਦੇ ਸੂਬਾ ਕਾਡਰ ਨੇ ਵੋਟਾਂ ਲਈ ਡੇਰਾ ਸਿਰਸਾ ਪੈਰੋਕਾਰਾਂ ਨਾਲ ਤਾਲਮੇਲ ਬਿਠਾਉਣ ਦੀ ਲੋੜ ਤੇ ਜੋਰ ਦਿੱਤਾ ਸੀ। ਇੱਕ ਸੀਨੀਅਰ ਭਾਜਪਾ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜਾਪਦਾ ਹੈ ਕਿ ਭਾਜਪਾ ਲੀਡਰਸ਼ਿਪ ਨੇ ਕੁੱਝ ਅਜਿਹੇ ਆਗੂਆਂ ਨੂੰ ਇੰਨ੍ਹਾਂ ਹਲਕਿਆਂ ’ਚ ਪ੍ਰਚਾਰ ਤੋਂ ਦੂਰ ਰੱਖਿਆ ਹੈ ਜੋ ਪਿਛੋਕੜ ’ਚ ਡੇਰਾ ਸਿਰਸਾ ਦੀ ਤਿੱਖੀ ਆਲੋਚਨਾ ਕਰਦੇ ਰਹੇ ਹਨ।
ਗੌਰਤਲਬ ਹੈ ਕਿ ਪੰਜਾਬ ਦੀ ਸੱਤਾ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੀ ਮਾਲਵਾ ਪੱਟੀ ਨਾਲ ਸਬੰਧਤ 69 ਵਿਧਾਨ ਸਭਾ ਹਲਕਿਆਂ ਚੋਂ 40 ਤੋਂ 43 ਹਲਕੇ ਅਜਿਹੇ ਹਨ, ਜਿੰਨ੍ਹਾਂ ਤੇ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਹੈ। ਇੰਨ੍ਹਾਂ ਵਿੱਚ ਗਿੱਦੜਬਾਹਾ ਅਤੇ ਬਰਨਾਲਾ ਵੀ ਸ਼ਾਮਲ ਹਨ ਜਦੋਂਕਿ ਮਾਝੇ ਨਾਲ ਸਬੰਧਤ ਡੇਰਾ ਬਾਬਾ ਨਾਨਕ ਅਤੇ ਦੁਆਬਾ ਖਿੱਤੇ ਅਧੀਨ ਆਉਣ ਵਾਲੇ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ’ਚ ਡੇਰਾ ਸਿਰਸਾ ਦਾ ਕੋਈ ਵੱਡਾ ਅਸਰ ਨਹੀਂ ਹੈ। ਗਿੱਦੜਬਾਹਾ ਹਲਕੇ ’ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਹਲਕੇ ’ਚ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਚੱਬੇਵਾਲ ਹਲਕੇ ’ਚ ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਕਾਰਨ ਜਿਮਨੀ ਚੋਣਾਂ ਹੋਈਆਂ ਸਨ।