ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਸੂਬੇ ਚ ਖੇਡ ਸੱਭਿਆਚਾਰ ਨੂੰ ਪੁਨਰ ਸੁਰਜੀਤ ਕਰਨ ਚ ਕੀਤੀ ਪਹਿਲ- ਮੰਤਰੀ ਸੌਂਦ
ਪੰਜਾਬ ਸਰਕਾਰ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਲਈ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ
ਘੋੜ ਸਵਾਰੀ ਮੁਕਾਬਲਿਆਂ ਦੇ ਅਖੀਰਲੇ ਦਿਨ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਐਮ ਐਲ ਏ ਅਨਮੋਲ ਗਗਨ ਮਾਨ ਤੇ ਆਪ ਆਗੂ ਜੀ ਪੀ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ ਘੋੜ ਸਵਾਰੀ ਮੁਕਾਬਲਿਆਂ ਦੌਰਾਨ ਰਾਜ ਵਿੱਚ ਪਹਿਲੀ ਵਾਰ “ਕਰਾਸ ਕੰਟਰੀ ਈਵੈਂਟ” ਕਰਵਾਇਆ ਗਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਨਵੰਬਰ, 2024: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇੱਥੇ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ ਘੋੜ ਸਵਾਰੀ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਐਮ ਐਲ ਏ ਅਨਮੋਲ ਗਗਨ ਮਾਨ ਅਤੇ ਸੀਨੀਅਰ ਆਪ ਨੇਤਾ ਗੁਰਪ੍ਰੀਤ ਸਿੰਘ ਜੀ ਪੀ ਸਮੇਤ ਸ਼ਮੂਲੀਅਤ ਕੀਤੀ। ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਮੌਕੇ ਆਖਿਆ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਨਾਲ ਸੂਬੇ ਚ ਖੇਡ ਸੱਭਿਆਚਾਰ ਨੂੰ ਪੁਨਰ ਸੁਰਜੀਤ ਕਰਨ ਚ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਲਈ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਉਨ੍ਹਾਂ ਨੂੰ ਏਸ਼ੀਆਈ ਅਤੇ ਉਲੰਪਿਕਸ ਦੀ ਤਿਆਰੀ ਅਤੇ ਅਭਿਆਸ ਲਈ ਨਕਦ ਰਾਸ਼ੀ ਦੇਣ ਤੋਂ ਇਲਾਵਾ ਮੈਡਲਜਿੱਤ ਕੇ ਆਉਣ ਤੇ ਨਕਦ ਇਨਾਮ ਅਤੇ ਉੱਚ ਸਿਵਲ ਤੇ ਪ੍ਰਸ਼ਾਸਕੀ ਅਹੁਦੇ ਤੇ ਤਾਇਨਾਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਜੀਵਨ ਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ, ਉੱਥੇ ਨੌਜੁਆਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵੀ ਸਭ ਤੋਂ ਵਧੀਆ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੌਮਾਂਤਰੀ ਮੁਕਾਬਲਿਆਂ ਵਿੱਚ ਪ੍ਰਤੀਨਿਧਤਾ ਕਰਨ ਵਿੱਚ ਉੱਤਰੀ ਰਾਜਾਂ ਦੇ ਖਿਡਾਰੀਆਂ ਵਿੱਚੋਂ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਦੀ ਵੱਡੀ ਸ਼ਮੂਲੀਅਤ ਹੈ, ਜਿਸ ਦਾ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਮਾਣ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਘੋੜ ਸਵਾਰੀ ਪਹਿਲੀ ਵਾਰ ਪਿਛਲੇ ਸਾਲ ਤੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਹਿੱਸਾ ਬਣੀ ਸੀ ਅਤੇ ਇਸ ਵਾਰ ਵੱਖਰੇ ਵੱਖਰੇ ਇਵੈਂਟਸ ਦੌਰਾਨ ਤਹਿਤ ਰਾਜ ਪੱਧਰੀ ਖੇਡਾਂ ਦੌਰਾਨ ਰਾਜ ਵਿੱਚ ਪਹਿਲੀ ਵਾਰ “ਕਰਾਸ ਕੰਟਰੀ ਈਵੈਂਟ” ਕਰਵਾਇਆ ਗਿਆ ਜੋ ਕਿ ਪਹਿਲਾਂ ਕੇਵਲ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ਚ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਪੀ ਪੀ ਐਸ ਨਾਭਾ, ਵਾਈ ਪੀ ਐਸ ਅਤੇ ਬੁੱਢਾ ਦਲ ਦੇ ਪੇਸ਼ੇਵਰ ਘੋੜ ਸਵਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਐਮ ਐਲ ਏ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣ ਦੇ ਯਤਨਾਂ ਤਹਿਤ ਖੇਡਾਂ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਆਪ ਆਗੂ ਗੁਰਪ੍ਰੀਤ ਸਿੰਘ ਜੀ ਪੀ ਨੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਆਮਦ ਨਾਲ ਖਿਡਾਰੀਆਂ ਦੇ ਅਤੇ ਪ੍ਰਬੰਧਕਾਂ ਦੇ ਹੌਂਸਲੇ ਬੁਲੰਦ ਹੋਏ ਹਨ। ਇਹਨਾਂ ਖੇਡਾਂ ਦੌਰਾਨ ਘੋੜਸਵਾਰੀ ਦੇ ਵੱਖ-ਵੱਖ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21 ਅਤੇ ਓਪਨ ਵਰਗ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ; ਈਵੈਂਟ: ਕਰਾਸ ਕੰਟਰੀ, ਅੰਡਰ-21, ਵਿੱਚ ਸੁਹਰਸ਼ ਵੱਲੋ ਪਹਿਲਾ ਸਥਾਨ ਅਤੇ ਬੀਰਕੰਵਰ ਸਿੰਘ ਵੱਲੋਂ ਦੂਜਾ ਸਥਾਨ ਹਾਸਲ ਕੀਤਾ ਗਿਆ। ਈਵੈਂਟ: ਕਰਾਸ ਕੰਟਰੀ, 21 ਤੋਂ ਉਪਰ, ਸੰਦੀਪ ਸਿੰਘ ਵੱਲੋ ਪਹਿਲਾ ਸਥਾਨ, ਗੁਰਤੇਜ ਸਿੰਘ ਵੱਲੋ ਦੂਜਾ ਸਥਾਨ ਅਤੇ ਸੁਖਪ੍ਰੀਤ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਈਵੈਂਟ: ਫਾਲਟ ਅਤੇ ਆਉਟ ਜੰਪਿੰਗ, ਅੰਡਰ-14, ਵਿੱਚ ਰਾਜਪਾਲ ਸਿੰਘ ਵੱਲੋ ਪਹਿਲਾ ਸਥਾਨ, ਸਮਰਵੀਰ ਵੱਲੋ ਦੂਜਾ ਸਥਾਨ ਅਤੇ ਅਮਰ ਸਿੰਘ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਈਵੈਂਟ: ਫਾਲਟ ਅਤੇ ਆਉਟ ਜੰਪਿੰਗ, ਅੰਡਰ-17, ਵਿੱਚ ਦਾਨਵੀਰ ਸਿੰਘ ਵੱਲੋਂ ਪਹਿਲਾ ਸਥਾਨ, ਬਲਰਾਜ ਸਿੰਘ ਵੱਲੋ ਦੂਜਾ ਸਥਾਨ ਅਤੇ ਬੀਰਕੰਵਰ ਸਿੰਘ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗੜਾ, ਘੋੜ ਸਵਾਰੀ ਦੇ ਨੈਸ਼ਨਲ ਖਿਡਾਰੀਆਂ ਦੀਪਇੰਦਰ ਸਿੰਘ ਅਤੇ ਹਰਮਨਦੀਪ ਸਿੰਘ ਖਹਿਰਾ ਵੱਲੋਂ ਤਰੁਨਪ੍ਰੀਤ ਸਿੰਘ ਸੌਂਦ, ਐਮ ਐਲ ਏ ਅਨਮੋਲ ਗਗਨ ਮਾਨ ਤੇ ਆਪ ਆਗੂ ਜੀ ਪੀ ਸਿੰਘ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਵੱਲੋਂ ਫਾਰੈਸਟ ਹਿੱਲ ਦੇ ਪ੍ਰਬੰਧਕ ਦਵਿੰਦਰ ਸਿੰਘ ਸੰਧੂ ਦਾ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਥਾਂ ਉਪਲਬਧ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।