ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਐਲਾਨ
ਸੰਗਰੂਰ ਦੇ ਬੇ ਚਿਰਾਗ਼ ਪਿੰਡ ਦੀ 927 ਏਕੜ ਜਮੀਨ ਲੈਂਡ ਸੀਲਿੰਗ ਐਕਟ ਤਹਿਤ ਦਲਿਤ ਮਜਦੂਰ ਤੇ ਛੋਟੇ ਕਿਸਾਨਾਂ ਚ ਵੰਡਣ ਦੀ ਮੰਗ
ਦਲਜੀਤ ਕੌਰ
ਸੰਗਰੂਰ, 24 ਨਵੰਬਰ, 2024: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਐਮਰਜੇਂਸੀ ਮੀਟਿੰਗ ਗਦਰ ਭਵਨ 'ਚ ਗੁਰਦਾਸ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕੀ ਇਸ ਵਾਰ ਝੋਨੇ ਦਾ ਸੀਜਨ ਲੇਟ ਹੋਣ ਕਾਰਨ ਮਜ਼ਦੂਰ ਤਬਕਾ ਅਜੇ ਤੱਕ ਮੰਡੀਆ ਤੇ ਸੇਲਰਾਂ ਚ ਫਸੇ ਹੋਏ ਹਨ। ਜਿਸ ਨੂੰ ਦੇਖਦੇ ਹੋਏ ਫ਼ੈਸਲਾ ਕੀਤਾ ਗਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 18 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗਣ ਵਾਲਾ ਧਰਨਾ ਹੁਣ 23 ਦਸੰਬਰ ਨੂੰ ਲਾਇਆ ਜਾਵੇਗਾ। ਜਿਸ 'ਚ ਮੰਗ ਕੀਤੀ ਜਾਵੇਗੀ ਕੀ ਲੈਂਡ ਸੀਲਿੰਗ ਐਕਟ ਤਹਿਤ ਸੰਗਰੂਰ 'ਚ ਜੀਂਦ ਰਿਆਸਤ ਨਾਲ ਜੁੜੀ ਪਿੰਡ ਸੋਹੀਆਂ ਨੇੜੇ ਬੇ ਚਿਰਾਗ਼ ਪਿੰਡ ਦੀ 927" ਏਕੜ ਜਮੀਨ ਦਲਿਤਾਂ ਤੇ ਬੇਜਮੀਨੇ ਤੇ ਛੋਟੇ ਕਿਸਾਨਾਂ ਚ ਵੰਡੀ ਜਾਵੇ, ਨਜੂਲ ਜਮੀਨਾਂ ਦੀ ਮਾਲਕੀ ਨੂੰ ਰੋਕਣ ਸਬੰਧੀ ਆਪ ਸਰਕਾਰ ਵੱਲੋਂ ਲਾਇਆ ਕੇਸ ਸਰਕਾਰ ਵਾਪਿਸ ਲਵੇ ਤੇ ਨਜੂਲ ਦੇ ਮੈਂਬਰਾਂ ਤੇ ਕਾਸਤਕਾਰਾਂ ਨੂੰ ਮਾਲਕੀ ਦਿਤੀ ਜਾਵੇ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੀਆਂ ਰਜਿਸਟਰੀਆਂ ਜਾਰੀ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਇਹਨਾਂ ਮੰਗਾ ਨੂੰ ਲੈ ਕੇ ਸੰਗਰੂਰ, ਪਟਿਆਲਾ, ਮਾਲੇਰਕੋਟਲਾ, ਲੁਧਿਆਣਾ, ਬਰਨਾਲਾ ਸਮੇਤ ਵੱਖ ਵੱਖ ਜ਼ਿਲ੍ਹੇਆਂ ਤੋਂ ਸੈਂਕੜੇ ਪਿੰਡਾਂ ਚੋਂ ਹਜ਼ਾਰਾਂ ਦੀ ਗਿਣਤੀ 'ਚ ਦਲਿਤ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਗੇ। ਇਸ ਮੌਕੇ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ, ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਗੁਰਦਾਸ ਝਲੂਰ ਆਦਿ ਹਾਜ਼ਰ ਸਨ।