ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਜਬਰਦਸਤ ਰੋਸ ਪ੍ਰਦਰਸ਼ਨ
26 ਨਵੰਬਰ ਨੂੰ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਸ਼ਾਂਤ ਹੋਏ ਅਧਿਆਪਕ
ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ 12 ਦਸੰਬਰ 2024 ਨੂੰ ਕੰਪਿਊਟਰ ਅਧਿਆਪਕਾਂ ਦੀ ਡੀਏ ਦੀ ਫਾਈਲ ਕਲੀਅਰ ਕਰਵਾਉਣ ਦਾ ਐਲਾਨ
ਮੀਟਿੰਗ ਤੈਅ ਕਰਵਾਉਣ ਤੇ ਡੀਏ ਦੀ ਫਾਈਲ ਕਲੀਅਰ ਕਰਨ ਦੇ ਭਰੋਸੇ ਮਗਰੋਂ ਕੰਪਿਊਟਰ ਅਧਿਆਪਕਾਂ ਵੱਲੋ ਧਰਨਾ ਖ਼ਤਮ
ਦਲਜੀਤ ਕੌਰ
ਸੰਗਰੂਰ, 24 ਨਵੰਬਰ, 2024: ਸਿੱਖਿਆ ਵਿਭਾਗ ਪੰਜਾਬ ਵਿੱਚ ਆਪਣੀ ਮਰਜਿੰਗ ਨੂੰ ਲੈਕੇ ਪਿਛਲੇ ਤਿੰਨ ਮਹੀਨਿਆਂ ਤੋਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਪੰਜਾਬ ਦੇ ਬੈਨਰ ਹੇਠ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਲਾਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਧਰਨਾ ਲਗਾ ਕੇ ਬੈਠੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਪਹਿਲਾਂ ਨੇ ਭੁੱਖ ਹੜਤਾਲ ਵਾਲੀ ਥਾਂ ਤੇ ਇਕੱਠੇ ਹੋਏ।
ਆਪਣੀਆਂ ਭਰਾਤਰੀ ਜਥੇਬੰਦੀਆਂ ਜਿਨ੍ਹਾਂ ਵਿਚ ਡੀਟੀਐੱਫ (ਦਿਗਵਿਜੈ ਪਾਲ ਸ਼ਰਮਾ), ਡੀਟੀਐੱਫ (ਵਿਕਰਮ ਦੇਵ ਸਿੰਘ), ਕਿਰਤੀ ਕਿਸਾਨ ਯੂਨੀਅਨ, ਗੋਰਮਿੰਟ ਟੀਚਰ ਯੂਨੀਅਨ, ਐਸਸੀ/ਬੀਸੀ ਅਧਿਆਪਕ ਯੂਨੀਅਨ ਆਦਿ ਦੇ ਨਾਲ ਸੰਗਰੂਰ ਦੇ ਵੱਖ ਵੱਖ ਬਜ਼ਾਰਾਂ ਵਿਚ ਇੱਕ ਵੱਡੇ ਰੋਸ਼ ਮਾਰਚ ਦੇ ਰੂਪ ਵਿਚ ਰੋਸ ਪ੍ਰਦਰਸ਼ਨ ਕਰਦੇ ਕੀਤਾ ਜਿਸ ਮਗਰੋਂ ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਅੱਗੇ ਪਹੁੰਚ ਕੇ ਜਬਰਦਸਤ ਨਾਅਰੇਬਾਜੀ ਕਰਦੇ ਹੋਏ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸੰਗਰੂਰ ਪ੍ਰਸ਼ਾਸ਼ਨ ਵੱਲੋਂ ਐੱਸ.ਡੀ.ਐੱਮ ਸੁਨਾਮ ਵੱਲੋਂ 26 ਨਵੰਬਰ 2024 ਨੂੰ ਕੰਪਿਊਟਰ ਅਧਿਆਪਕ ਜਥੇਬੰਦੀ ਦੀ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਤੈਅ ਕਰਵਾਉਣ ਅਤੇ 12 ਦਸੰਬਰ 2024 ਨੂੰ ਕੰਪਿਊਟਰ ਅਧਿਆਪਕਾਂ ਦੀ ਡੀਏ ਦੀ ਫਾਈਲ ਕਲੀਅਰ ਕਰਵਾਉਣ ਦਾ ਐਲਾਨ ਕਰਨ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਅੱਗਿਓਂ ਧਰਨਾ ਖ਼ਤਮ ਕਰ ਦਿੱਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਹੋਣ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਲਗਾਇਆ ਪੱਕਾ ਮੋਰਚਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਨੇਤਾਵਾਂ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਕੁਮਾਰ ਮਲੂਕਾ, ਰਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਗੁਰਬਖ਼ਸ਼ ਲਾਲ, ਜਸਪਾਲ, ਉਧਮ ਸਿੰਘ ਡੋਗਰਾ, ਬਵਲੀਨ ਬੇਦੀ, ਸੁਨੀਤ ਸਰੀਨ, ਸੁਮਿਤ ਗੋਇਲ, ਰਜਨੀ, ਧਰਮਿੰਦਰ ਸਿੰਘ, ਨਰਿੰਦਰ ਕੁਮਾਰ, ਰਾਕੇਸ਼ ਸੈਣੀ, ਸੁਸ਼ੀਲ ਅੰਗੁਰਾਲ, ਪ੍ਰਿਯੰਕਾ ਬਿਸ਼ਟ, ਮਨਜੀਤ ਕੌਰ, ਕਰਮਜੀਤ ਪੁਰੀ, ਗਗਨਦੀਪ ਸਿੰਘ, ਜਸਵਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ 5 ਨਵੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਕੁਝ ਹੀ ਦਿਨਾਂ ਦੇ ਅੰਦਰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਪਰ 20 ਦਿਨ ਬੀਤਣ ਦੇ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੇ ਅਧਿਕਾਰਾਂ ਦੀ ਬਹਾਲੀ ਅਤੇ ਸਰਕਾਰ ਦੀ ਅਦਾਖਿਲਾਫੀ ਦੇ ਖਿਲਾਫ਼ ਚਲਾਏ ਜਾ ਰਹੇ ਸੰਘਰਸ਼ ਨੂੰ ਹੁਣ ਆਰ-ਪਾਰ ਦੀ ਲੜਾਈ ਵਿਚ ਬਦਲਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਸੁਧ ਨਹੀਂ ਲਈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੇ ਨਾਲ ਹੋਈਆਂ ਦਰਜਨਾਂ ਮੀਟਿੰਗਾਂ ਦਾ ਸਿੱਟਾ ਵੀ ਹੁਣ ਤੱਕ ‘ਢੱਕ ਦੇ ਤਿੰਨ ਪੱਤ’ ਵਾਲ਼ਾ ਹੀ ਰਿਹਾ ਹੈ।
ਅਧਿਆਪਕਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸਰਕਾਰ ਬਣਨ 'ਤੇ ਉਨ੍ਹਾਂ ਨੂੰ ਤੁਰੰਤ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ 15 ਸਤੰਬਰ 2022 ਨੂੰ ਦੀਵਾਲੀ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਸੀ, ਪਰ ਤਿੰਨ ਦੀਵਾਲੀਆਂ ਬੀਤਣ ਦੇ ਬਾਅਦ ਵੀ ਇਹ ਵਾਅਦਾ ਅਧੂਰਾ ਹੈ, ਜੋ ਸਰਕਾਰ ਦੀ ਕਥਨੀ ਅਤੇ ਕਰਨੀ ਦੇ ਵਿਚਕਾਰ ਦੇ ਅੰਤਰ ਨੂੰ ਸਾਫ਼ ਦਰਸਾਉਂਦਾ ਹੈ।
ਕੰਪਿਊਟਰ ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਕੋਈ ਨਵੀਆਂ ਨਹੀਂ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ, ਛੇਵੇਂ ਪੇਅ ਕਮਿਸ਼ਨ ਦੇ ਲਾਭਾਂ ਸਮੇਤ, ਬਿਨਾਂ ਕਿਸੇ ਸ਼ਰਤ ਅਤੇ ਦੇਰੀ ਦੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਅੰਦੋਲਨਕਾਰੀ ਅਧਿਆਪਕਾਂ ਨੇ ਕਿਹਾ ਕਿ ਇਸ ਵਾਰ ਉਹ ਕੇਵਲ ਬੈਠਕ ਦੇ ਪੱਤਰ ਲੈ ਕੇ ਵਾਪਸ ਪਰਤਣ ਵਾਲੇ ਨਹੀਂ ਹਨ, ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ।