ਨਾਟਿਅਮ ਥੀਏਟਰ ਫੈਸਟੀਵਲ: ਨਾਟਕ 'ਉਨਕੀ ਚਿੱਠੀਆਂ' ਨੇ ਟੁੰਬੇ ਦਰਸ਼ਕਾਂ ਦੇ ਦਿਲ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2024: ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਦਸਵੇਂ ਦਿਨ ਤਪਨ ਭੱਟ ਦਾ ਲਿਖਿਆ ਸੰਵੇਦਨਸ਼ੀਲ ਨਾਟਕ 'ਉਨਕੀ ਚਿੱਠੀਆਂ' ਖੇਡਿਆ ਗਿਆ। ਟੀਮ ਸਮਾਈਲ ਐਂਡ ਹੋਪ ਜੈਪੁਰ ਵੱਲੋਂ ਖੇਡੇ ਇਸ ਨਾਟਕ ਦਾ ਨਿਰਦੇਸ਼ਨ ਡਾ਼ ਸੌਰਭ ਭੱਟ ਨੇ ਕੀਤਾ।ਨਾਟਕ ਵਿੱਚ ਚਿੱਠੀਆਂ ਦੀ ਅਹਿਮੀਅਤ ਨੂੰ ਬੜੇ ਭਾਵੁਕ ਢੰਗ ਨਾਲ਼ ਦਰਸਾਇਆ ਗਿਆ। ਕਲਾਕਾਰਾਂ ਨੇ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ਼ ਸਮਾਜ ਵਿੱਚ ਖ਼ਾਸ ਲੋੜਾਂ ਵਾਲ਼ੇ ਲੋਕਾਂ ਦਾ ਦਰਦ ਬਿਆਨ ਕੀਤਾ। ਇਸ ਨਾਟ-ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਅਸ਼ੋਕ ਕੁਮਾਰ ਕਾਰਜਕਾਰੀ ਮੇਅਰ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਨੇ ਸ਼ਿਰਕਤ ਕੀਤੀ।
ਉਨ੍ਹਾਂ ਨਾਲ਼ ਵੱਖ-ਵੱਖ ਵਾਰਡਾਂ ਦੇ ਮਿਊਂਸਪਲ ਕਾਊਂਸਲਰ ਸੁਖਦੇਵ ਸਿੰਘ ਭੁੱਲਰ, ਹਰਵਿੰਦਰ ਸਿੰਘ ਲੱਡੂ, ਸਾਧੂ ਸਿੰਘ, ਰਾਜ ਮਹਿਰਾ,ਅਮਰਿੰਦਰ ਸਿੰਘ ਸਿੱਧੂ ਅਤੇ ਮੈਡਮ ਰੀਨਾ ਗੁਪਤਾ ਮੌਜੂਦ ਸਨ।ਨਾਟਿਅਮ ਦੇ ਸਰਪ੍ਰਸਤ ਡਾ਼ ਗੁਰਿੰਦਰ ਪਾਲ ਸਿੰਘ ਬਰਾੜ ਰਜਿਸਟਰਾਰ ਐੱਮ.ਆਰ.ਐੱਸ.ਪੀ.ਟੀ.ਯੂ ਅਤੇ ਡਾ. ਪੂਜਾ ਗੁਪਤਾ ਅਤੇ ਸ਼ਨੇ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਕਾਰਜਕਾਰੀ ਮੇਅਰ ਸ਼੍ਰੀ ਅਸ਼ੋਕ ਕੁਮਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਰਪੋਰੇਸ਼ਨ ਬਲਵੰਤ ਗਾਰਗੀ ਆਡੀਟੋਰੀਅਮ ਨੂੰ ਹਰ ਪੱਖ ਤੋਂ ਨਿਖਾਰਨ ਵਿੱਚ ਲੱਗੀ ਹੋਈ ਹੈ, ਜਿਸ ਬਾਬਤ ਉਨ੍ਹਾਂ ਹਾਊਸ ਮੀਟਿੰਗਾ ਵਿੱਚ ਮਤੇ ਪਾ ਕੇ ਗਰਾਂਟਾ ਵੀ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ ਸਮੇਤ ਪੂਰੀ ਨਾਟਿਅਮ ਟੀਮ ਵੱਲੋਂ ਇਸ ਆਡੀਟੋਰੀਅਮ ਲਈ ਕੀਤੇ ਯਤਨਾਂ ਨੂੰ ਸਰਾਹਿਆ।
ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਸ਼ੁਕਰੀਆ ਕਰਦਿਆਂ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦੀ ਸ਼ਬਦ ਕਹੇ । ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਨਾਟਿਅਮ ਪੰਜਾਬ ਨੂੰ ਦਿੱਤੇ ਸਹਿਯੋਗ ਲਈ ਨਵੇਤੀਆ ਡਾਇਮੈਂਡ ਐਂਡ ਗੋਲਡ ਤੋਂ ਸ਼੍ਰੀ ਫ਼ਰੈਂਕੀ ਨਵੇਤੀਆ ਅਤੇ ਬੀ.ਐੱਨ.ਆਈ ਬਠਿੰਡਾ ਦੇ ਐਗਜ਼ੀਕਿਊਟਵ ਡਾਇਰੈਕਟਰ ਸ਼੍ਰੀ ਰਮਨਦੀਪ ਗਰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਦੌਰਾਨ ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।