ਬਠਿੰਡਾ: ਅੱਗ ਲੱਗਣ ਕਾਰਨ ਅੱਖਾਂ ਸਾਹਵੇਂ ਸੜਕੇ ਸੁਆਹ ਹੋਇਆ ਰੈਸੋਟੋਰੈਂਟ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2024:ਬਠਿੰਡਾ ਚੰਡੀਗੜ੍ਹ ਕੌਮੀ ਸੜਕ ਮਾਰਗ ਤੇ ਇੱਕ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਇੱਕ ਰੈਸੋਟੋਰੈਂਟ ਨੂੰ ਲੱਗੀ ਅੱਗ ਕਾਰਨ ਦੇਖਦਿਆਂ ਹੀ ਦੇਖਦਿਆਂ ਸਭ ਕੁੱਝ ਸੜਕੇੇ ਸੁਆਹ ਹੋ ਗਿਆ। ਰਾਹਤ ਵਾਲੀ ਗੱਲ ਇਹੋ ਰਹੀ ਕਿ ਇਸ ਅਗਨੀਕਾਂਡ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ ਜਦੋਂਕਿ ਸਿਲੰਡਰ ਫਟਣ ਨੂੰ ਵੀ ਅੱਗ ਲੱਗਣ ਦੇ ਕਾਰਨ ਵਜੋਂ ਦੇਖਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਰੈਸੋਟਰੈਂਟ ਦੇ ਅੰਦਰ ਹੋਰ ਵੀ ਸਿਲੰਡਰ ਰੱਖੇ ਹੋਏ ਸਨ ਜਿੰਨ੍ਹਾਂ ਨੂੰ ਅੱਗ ਬੁਝਾਉਣ ਦੌਰਾਨ ਸਹਾਇਤਾ ਕਰਨ ਲਈ ਡੇਰਾ ਸਿਰਸਾ ਪ੍ਰੇਮੀਆਂ ਨੇ ਜਾਨ ਤੇ ਖੇਡ੍ਹ ਕੇ ਬਾਹਰ ਕੱਢਿਆ।
ਮੌਕੇ ਤੇ ਹਾਜ਼ਰ ਕੁੱਝ ਲੋਕਾਂ ਨੇ ਦੱਸਿਆ ਕਿ ਜੇਕਰ ਇੰਨ੍ਹਾਂ ਸਿਲੰਡਰਾਂ ਨੂੰ ਸਮਾਂ ਰਹਿੰਦੇ ਬਾਹਰ ਨਾਂ ਕੱਢਿਆ ਜਾਂਦਾ ਤਾਂ ਕਿੰਨਾਂ ਨਕਸਾਨ ਹੁੰਦਾ ਇਸ ਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਹੈ। ਅੱਗ ਲੱਗਣ ਕਾਰਨ ਰੈਸੋਟੋਰੈਂਟ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਫਿਰ ਵੀ ਹਿਸਾਬ ਕਿਤਾਬ ਲਾਇਆ ਜਾ ਰਿਹਾ ਹੈ। ੳੋਧਰ ਅੱਗ ਲੱਗਣ ਸਬੰਧੀ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸੇ ਦੌਰਾਨ ਰੈਸੋਟੋਰੈਂਟ ਦੇ ਅੰਦਰ ਪਿਆ ਸਿਲੰਡਰ ਫਟ ਗਿਆ ਜਿਸ ਨੇ ਅੱਗ ਦੀਆਂ ਲਾਂਟਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਿਸ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਹੋਰ ਮੌਕੇ ਤੇ ਸੱਦ ਲਈਆਂ ਗਈਆਂ।
ਅੱਗ ਐਨੀ ਭਿਆਨਕ ਹੋ ਗਈ ਜਿਸ ਤੇ ਕਾਬੂ ਪਾਉਣ ਲਈ ਫਾਇਰ ਟੈਂਡਰਾਂ ਨੂੰ ਕਾਫੀ ਜੱਦੋਜਹਿਦ ਕਰਨੀ ਪਈ। ਇਸ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜਾਂ ’ਚ ਹੱਥ ਵਟਾਉਣਾ ਸ਼ੁਰੂ ਕੀਤਾ। ਸਿਲੰਡਰ ਫਟਣ ਦੀ ਗੱਲ ਸਾਹਮਣੇ ਆਉਣ ਤੇ ਡੇਰਾ ਪੈਰੋਕਾਰਾਂ ਨੇ ਜਾਨ ਜੋਖਿਮ ਵਿੱਚ ਪਾਕੇ ਅੰਦਰ ਪਏ ਅੱਧੀ ਦਰਜਨ ਸਿਲੰਡਰ ਬਾਹਰ ਕੱਢੇ ਜਿੰਨ੍ਹਾਂ ਵਿੱਚ ਇੱਕ ਫਟਿਆ ਹੋਇਆ ਸਿਲੰਡਰ ਵੀ ਸ਼ਾਮਲ ਸੀ। ਫਾਇਰਮੈਨ ਦੇਵ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਸੂਚਨਾ ਮਿਲਦਿਆਂ ਹੀ ਉਹ ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ ਫਾਇਰ ਟੈਂਡਰਾਂ ਸਮੇਤ ਮੌਕੇ ਤੇ ਪੁੱਜੇ ਸਨ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਸਿਲੰਡਰ ਫਟ ਗਿਆ ਜਿਸ ਕਾਰਨ ਅੱਗ ਕਾਫੀ ਫੈਲ ਗਈ। ਅੱਗ ਦੀਆਂ ਲਾਟਾਂ ਕਾਰਨ ਇਮਾਰਤ ਦੇ ਅੰਦਰ ਪਿਆ ਕੀਮਤੀ ਸਮਾਨ ਤੇ ਫਰਨੀਚਰ ਆਦਿ ਸੜਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਨਾਲ ਲੱਗਦੀਆਂ ਦੁਕਾਨਾਂ ਦਾ ਵੀ ਨੁਕਸਾਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗ ਨੇ ਆਸ ਪਾਸ ਦੀਆਂ ਦੁਕਾਨਾਂ ਨੂੰ ਲਪੇਟ ’ਚ ਲੈ ਲਿਾ ਸੀ ਪਰ ਵਕਤ ਰਹਿੰਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਰੈਸੋਟੋਰੈਂਟ ਦੇ ਮਾਲਕ ਵਿਪਨ ਬਾਂਸਲ ਅਤੇ ਵਰੁਣ ਬਾਂਸਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਾਤ ਦੀ ਪਾਰਟੀ ਉਪਰੰਤ ਉਹ ਘਰ ਆ ਗਏ ਸਨ।
ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਅਤੇ ਜਾਣਕਾਰੀ ਦਿੱਤੀ ਕਿ ਰੈਸਟੋਰੈਂਟ ਦੇ ਅੰਦਰੋ ਧੂੰਆਂ ਨਿਕਲ ਰਿਹਾ ਹੈ। ਇਸੇ ਦੌਰਾਨ ਉਹ ਦੁਕਾਨ ਤੇ ਪੁੱਜੇ ਤਾਂ ਅੱਗ ਦਾ ਤਾਂਡਵ ਪੂਰੀ ਤਰਾਂ ਰੈਸਟੋਰੈਂਟ ਨੂੰ ਆਪਣੀ ਲਪੇਟ ’ਚ ਲੈ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅੱਗ ‘ਤੇ ਕਾਬੂ ਪਾਉਣ ਵਿਚ ਡੇਰਾ ਸਿਰਸਾ ਦੇ ਸੇਵਾਦਾਰਾਂ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਰਾਜੇਸ਼ ਲਡਵਾਲ ਇੰਸਾਂ, ਤਰਲੋਚਨ ਸਿੰਘ ਇੰਸਾਂ, ਵਿਕਰਮ ਸਿੰਘ ਇੰਸਾਂ, ਰਵੀ ਇੰਸਾਂ, ਪਰਵਿੰਦਰ ਸਿੰਘ ਇੰਸਾਂ, ਸ਼ਾਮ ਲਾਲ ਇੰਸਾਂ, ਰਾਜਿੰਦਰ ਕੁਮਾਰ ਕਾਕੂ, ਦਿਆਲ ਚੰਦ ਇੰਸਾਂ, ਕ੍ਰਿਸ਼ਨ ਇੰਸਾਂ, ਸ਼ੁਭ ਅਤੇ ਜਸਕਰਨ ਸਿੰਘ ਇੰਸਾਂ ਆਦਿ ਨੇ ਦੱਸਿਆ ਕਿ ਅੱਗ ਕਾਫੀ ਭਿਆਨਕ ਸੀ ਜਿਸ ਨੂੰ ਕਾਬੂ ਪਾਉਣ ਵੇਲੇ ਕਾਫੀ ਮੁਸ਼ੱਕਤ ਕਰਨੀ ਪਈ।