ਬਠਿੰਡਾ ਵਿਖੇ ਸਾਹਿਤ ਅਕਾਡਮੀ ਦਾ ਯੁਵਾ ਸਾਹਿਤੀ ਪ੍ਰੋਗਰਾਮ ਸਫਲਤਾ ਪੂਰਵਕ ਸੰਪਨ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2024: ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਕਨਵੀਨਰ ਡਾ. ਰਵੇਲ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਨੌਜਵਾਨ ਕਵੀਆਂ ਅਤੇ ਕਹਾਣੀਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ "ਯੁਵਾ ਸਾਹਿਤੀ" ਵੀ ਕੀਤਾ ਜਾ ਰਿਹਾ ਹੈ।ਇਸ ਲੜੀ ਦੀ ਕੜੀ ਵਜੋਂ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਯੁਵਾ ਸਾਹਿਤੀ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਸਨ।ਦੋ ਕਵੀਆਂ ਅਤੇ ਦੋ ਕਹਾਣੀਕਾਰਾਂ ਨੇ ਰਚਨਾ ਪਾਠ ਕੀਤਾ।ਸਭ ਤੋਂ ਪਹਿਲਾਂ ਅਮਨ ਦਾਤੇਵਾਸੀਆ ਨੇ ਆਪਣੀਆਂ ਛੇ ਗ਼ਜ਼ਲਾਂ ਤਰੰਨਮ ਚ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿਤਾ।ਕਵਿਤਰੀ ਦਵੀ ਸਿੱਧੂ ਨੇ ਨਜ਼ਮਾਂ ਅਤੇ ਕਵਿਤਾਵਾਂ ਪੇਸ਼ ਕਰਕੇ ਖੂਬ ਵਾਹ ਵਾਹ ਖੱਟੀ।
ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਕਹਾਣੀ "ਗਤੀ" ਪੇਸ਼ ਕੀਤੀ ਜਿਸ ਵਿੱਚ ਮਨੁੱਖੀ ਗਤੀ ਪ੍ਰੰਪਰਾ ਨੂੰ ਰੂਪਮਾਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਗੱਲ ਕੀਤੀ। ਦੂਜੇ ਕਹਾਣੀਕਾਰ ਅਗਾਜ਼ ਬੀਰ ਨੇ ਕਹਾਣੀ "ਅਣਪਛਾਤਾ ਖਾੜਕੂ" ਪੜ੍ਹ ਕੇ ਸੁਣਾਈ। ਕਹਾਣੀ ਵਿੱਚ ਆਰਥਿਕ ਅਤੇ ਸਮਾਜਿਕ ਤੌਰ ਤੇ ਪਛੜੇ ਪਰਿਵਾਰ ਦੇ ਬੱਚੇ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਬਿਰਤਾਂਤ ਸਿਰਜਿਆ ਗਿਆ ਸੀ। ਕਵਿਤਾਵਾਂ ਉਪਰ ਡਾ. ਜਸਪਲਜੀਤ ਸਿੰਘ ਅਤੇ ਕਹਾਣੀਆਂ ਉਪਰ ਡਾ. ਗੁਰਪ੍ਰੀਤ ਸਿੰਘ ਨੇ ਸੰਖੇਪ ਅਤੇ ਭਾਵਪੂਰਤ ਟਿੱਪਣੀਆਂ ਕੀਤੀਆਂ। ਸਮੂਹ ਲੇਖਕਾਂ ਨੂੰ ਜੀ ਆਇਆਂ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਅਤੇ ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸਭਨਾਂ ਦਾ ਧੰਨਵਾਦ ਕੀਤਾ।