ਬਿਜਲੀ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਤੁਰੰਤ ਭਰਤੀ ਕੀਤੇ ਜਾਣ: ਇੰਜ: ਜਤਿੰਦਰ ਸ਼ਰਮਾ/ਇੰਜ:ਵਿਮਲ ਕੁਮਾਰ
ਰੋਹਿਤ ਗੁਪਤਾ
ਗੁਰਦਾਸਪੁਰ, 7 ਜੁਲਾਈ 2024-ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਇੰਜ ਜਤਿੰਦਰ ਸ਼ਰਮਾ ਅਤੇ ਬਾਰਡਰ ਜੋਨ ਸਕੱਤਰ ਇੰਜ ਵਿਮਲ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਾਵਰਕਾਮ ਅੰਦਰ 25 ਹਜ਼ਾਰ ਦੇ ਲਗਭਗ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ 13041 ਲਾਈਨਮੈਨ ਦੀਆਂ ਅਸਾਮੀਆਂ ਦੇ ਵਿਰੁੱਧ ਸਿਰਫ 4338 ਲਾਈਨਮੈਨ ਹੀ ਕੰਮ ਕਰ ਰਹੇ ਹਨ। 67% ਅਸਾਮੀਆਂ ਭਾਵ 8708 ਅਸਾਮੀਆਂ ਖਾਲੀ ਪਈਆਂ ਹਨ ਅਤੇ ਸਿਰਫ 33 % ਲਾਈਨਮੈਨ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।
ਇੱਥੇ ਹੀ ਬੱਸ ਨਹੀਂ, ਪਾਵਰਕਾਮ ਕੋਲ ਸਹਾਇਕ ਲਾਈਨਮੈਨ ਦੀਆਂ ਮਨਜ਼ੂਰ ਸ਼ੁੱਧਆ ਪੋਸਟਾਂ 22037 ਹਨ ਪਰ ਕੰਮ ਕਰਦੇ ਤੈਨਾਤ ਸਿਰਫ 6790 ਹੀ ਹਨ ਅਤੇ ਇਸ ਤਰਾਂ ਸਹਾਇਕ ਲਾਈਨਮੈਨ ਦੀਆਂ 15247 ਪੋਸਟਾਂ ਖਾਲੀ ਹਨ। ਇਸ ਤਰਾਂ 69% ਪੋਸਟਾਂ ਸਹਾਇਕ ਲਾਈਨ ਮੇਨ ਦੀਆਂ ਖਾਲੀ ਪਈਆਂ ਹਨ।
ਮੌਜੂਦਾ ਸਟਾਫ਼ ਤੇ ਕੰਮ ਦਾ ਬੋਝ ਵੱਧਦਾ ਜਾ ਰਿਹਾ ਹੈ ਜਿਸ ਕਾਰਣ ਮਾਨਸਿਕ ਦਬਾ ਦੇ ਚਲਦੇ ਘਾਤਕ ਅਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ। ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇ ਕੇ ਨਵੀਂ ਭਰਤੀ ਕਰਨੀ ਚਾਹੀਦੀ ਹੈ ਤਾਂ ਜ਼ੋ ਲੋਕਾਂ ਦੀਆਂ ਸ਼ਿਕਾਇਤਾਂ ਤੁਰੰਤ ਹੱਲ ਕੀਤੀਆਂ ਜਾ ਸਕਣ। ਉਹਨਾਂ ਖਪਤਕਾਰਾਂ ਨੂੰ ਅਪੀਲ ਵੀ ਕੀਤੀ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵੀ ਡੀ ਐਸ ਸਕੀਮ ਅਧੀਨ 24 ਜੁਲਾਈ ਤੋਂ ਪਹਿਲਾਂ ਪਹਿਲਾਂ ਆਪਣਾ ਘਰੇਲੂ, ਵਪਾਰਕ,ਅਤੇ ਖੇਤੀ ਬਾੜੀ ਦਾ ਲੋੜ ਵਧਾ ਲੈਣ, ਇਸ ਤੋਂ ਬਾਅਦ ਚੈਕਿੰਗ ਦੌਰਾਨ ਵੱਡੇ ਜੁਰਮਾਨੇ ਸਮੇਤ ਲੋਡ ਵਧਾਇਆ ਜਾਵੇਗਾ।