ਬੇਕਰੀ ਅਤੇ ਕਨਫੈਕਸ਼ਨਰੀ ਸਬੰਧੀ ਸਿਖਲਾਈ ਕੋਰਸ ਕਰਵਾਇਆ
ਸਿੱਖਿਆਰਥੀਆਂ ਨੂੰ, ਹੁਨਰ ਨੂੰ ਕਿੱਤੇ ਦੇ ਰੂਪ 'ਚ ਸ਼ੁਰੂ ਕਰਨ ਲਈ ਕੀਤਾ ਗਿਆ ਪ੍ਰੇਰਿਤ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,10ਅਗਸਤ 2024 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬੇਕਰੀ ਅਤੇ ਕਨਫੈਕਸ਼ਨਰੀ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿੱਚ 40 ਸਿਖਿਆਰਥੀਆਂ ਨੇ ਭਾਗ ਲਿਆ। ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਕਿਹਾ ਕਿ ਅਜਿਹੇ ਸਿਖਲਾਈ ਕੋਰਸ ਅੱਜ ਦੇ ਸਮੇਂਦੀ ਮੁੱਖ ਲੋੜ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਹੁਨਰ ਨੂੰ ਵਪਾਰਕ ਪੱਧਰ ਤੇ ਅਪਣਾਉਣ ਦੀ ਲੋੜ ਹੈ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਗ੍ਰਹਿ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ: ਮਨੀਸ਼ਾ ਭਾਟੀਆਂ ਨੇ ਬੇਕਿੰਗ ਦੀ ਵਿਧੀ ਨਾਲ ਕੇਕ, ਮਫਿਨ, ਚਾਕਲੇਟ, ਚੋਕੋ-ਚਿਪਸ, ਪੀਜਾ ਬੇਸ, ਬ੍ਰੈਡ ਅਤੇ ਪੀਜਾ ਬਣਾਉਣ ਬਾਰੇ ਸਿਖਿਆਰਥੀਆਂ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਸਿਖਿਆਰਥੀ ਇਨ੍ਹਾਂ ਗੱਲਾਂ ਨੂੰ ਘਰੇਲੂ ਪੱਧਰ ਤੇ ਅਪਣਾ ਕੇ ਆਪਣੇ ਪਰਿਵਾਰ ਨੂੰ ਪੌਸ਼ਟਿਕ, ਬਿਨਾਂ ਮਿਲਾਵਟ ਵਾਲਾ ਅਤੇ ਬਿਨਾਂ ਰਸਾਇਣ ਵਾਲੇ ਬੇਕਰੀ ਉਤਪਾਦ ਉਪਲਬਧ ਕਰਵਾ ਸਕਦੇ ਹਨ। ਇਸ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਇਸ ਹੁਨਰ ਨੂੰ ਕਿੱਤੇ ਦੇ ਰੂਪ ਵਿੱਚ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਜ਼ਿਲਾ ਪਸਾਰ ਮਾਹਰ ਡਾ: ਗੁਰਪ੍ਰੀਤ ਕੌਰ ਨੇ ਸਿਖਿਆਰਥੀਆਂ ਨੂੰ ਆਪਣੇ ਕੰਮ ਦਾ ਲੇਖਾ-ਜੋਖਾ ਰੱਖਣ ਦੀ ਮਹੱਤਤਾ ਅਤੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਜਦੋਂ ਕਿ ਜ਼ਿਲ੍ਹਾਂ ਉਦਯੋਗ ਕੇਂਦਰ ਦੇ ਪੁਨੀਤ ਨੇ ਲਘੂ ਉਦਯੋਗ ਸ਼ੁਰੂ ਕਰਨ ਲਈ ਸਰਕਾਰੀ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।