ਮੇਕ ਮਾਈ ਟ੍ਰਿਪ ਅਤੇ ਹੌਟਲ ਹਾਵਰਡ ਨੂੰ ਹਰਜ਼ਾਨਾ ਅਦਾ ਕਰਨ ਦਾ ਹੁਕਮ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2024: ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਮੇਕ ਮਾਈ ਟ੍ਰਿਪ ਅਤੇ ਹੌਟਲ ਹਾਵਰਡ ਨੂੰ ਗ੍ਰਾਹਕ ਵੱਲੋਂ ਅਦਾ ਕੀਤੇ ਗਏ 13,882/- ਰੁਪਏ ਵਾਪਿਸ ਕਰਨ ਅਤੇ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਲਈ 10,000/- ਰੁਪਏ ਹਰਜਾਨਾ ਦੇਣ ਦਾ ਹੁਕਮ ਸੁਣਾਇਆ ਹੈ। ਗੌਰਵ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾ ਨੇ ਮੇਕ ਮਾਈ ਟ੍ਰਿਪ ਕੰਪਨੀ ਰਾਹੀ ਮੰਸੂਰੀ ਵਿਖੇ ਸਥਿਤ ਹੋਟਲ ਹਾਵਰਡ ਵਿੱਚ ਦੋ ਡਿਲਕਸ ਕਮਰੇ ਆਨ ਲਾਇਨ ਬੁੱਕ ਕਰਵਾਏ ਸਨ ਜਿਸ ਲਈ 13,882/- ਰੁਪਏ ਆਨ-ਲਾਇਨ ਅਦਾਇਗੀ ਕੀਤੀ ਸੀ। ਇਸ ਮੌਕੇ ਮੇਕ ਮਾਈ ਟ੍ਰਿਪ ਕੰਪਨੀ ਨੇ ਉਹਨਾਂ ਨੂੰ ਤਿੰਨ ਤਾਰਾ ਹੋਟਲ ਵਿੱਚ ਵਧੀਆ ਸੇਵਾ ਦੇਣ ਦਾ ਵਿਸ਼ਵਾਸ਼ ਦਵਾਇਆ ਸੀ । ਉਹਨਾਂ ਦੱਸਿਆ ਕਿ 19 ਜੂਨ, 2022 ਨੂੰ ਉਸ ਹੋਟਲ ਵਿੱਚ ਪਹੁੰਚਣ ਤੇ ਉਹਨਾਂ ਨੂੰ ਵੱਡਾ ਝਟਕਾ ਲੱਗਿਆ, ਕਿਉਕਿ ਇਹ ਹੋਟਲ ਤਾਂ ਅਜੇ ਉਸਾਰੀ ਅਧੀਨ ਸੀ।
ਇਸ ਕਰਕੇ ਆਸ-ਪਾਸ ਕਾਫੀ ਜਿਆਦਾ ਧੂੜ ਅਤੇ ਕਮਰਿਆਂ ਦੀ ਹਾਲਤ ਵੀ ਬਹੁਤ ਮਾੜੀ ਸੀ। ਉਹਨਾਂ ਕਿਹਾ ਕਿ ਇੰਨ੍ਹਾਂ ਪ੍ਰਸਥਿਤੀਆਂ ਦਰਮਿਆਨ ਉਹਨਾਂ ਦਾ ਹੋਟਲ ’ਚ ਰੁਕਣਾ ਮੁਸ਼ਕਿਲ ਹੋ ਗਿਆ। ਗੌਰਵ ਬਾਂਸਲ ਨੇ ਦੱਸਿਆ ਕਿ ਉਹਨਾਂ ਨੇ ਇੰਨ੍ਹਾਂ ਸਮੱਸਿਆਵਾਂ ਦੇ ਸਬੰਧ ਵਿੱਚ ਹੋਟਲ ਪ੍ਰਬੰਧਕਾਂ ਕੋਲ ਸ਼ਕਾਇਤ ਕੀਤੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੱਸਿਆ ਕਿ ਉਹਨਾਂ ਨੇ ਮੇਕ ਮਾਈ ਟ੍ਰਿਪ ਕੰਪਨੀ ਨੂੰ ਬੁਕਿੰਗ ਰੱਦ ਕਰਨ ਲਈ ਕਿਹਾ ਤਾਂ ਕੰਪਨੀ ਨੇ 2500 ਰੁਪਏ ਦਾ ਇੱਕ ਕੂਪਨ ਦੇਣ ਦੀ ਪੇਸ਼ਕਸ਼ ਕੀਤੀ ਜੋ ਉਹਨਾਂ ਠੁਕਰਾ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਨੇ ਕੰਪਨੀ ਨੂੰ 13,882 ਰੁਪਏ ਵਾਪਿਸ ਕਰਨ ਲਈ ਕਿਹਾ ਪਰ ਮੰਗ ਜਾਇਜ ਹੋਣ ਦੇ ਬਾਵਜੂਦ ਮੰਨੀ ਨਹੀਂ ਗਈ। ਉਹਨਾਂ ਦੱਸਿਆ ਕਿ ਖੁਦ ਨੂੰ ਹੋਈ ਪ੍ਰੇਸ਼ਾਨੀ ਅਤੇ ਕੰਪਨੀ ਤੇ ਹੋਟਲ ਵੱਲੋਂ ਆਪਣੇ ਕਹੇ ਤੇ ਖਰਾ ਨਾਂ ਉਤਰਨ ਕਾਰਨ ਉਹਨਾਂ ਨੇ ਖਪਤਕਾਰ ਅਦਾਲਤ ਦਾ ਰੁਖ ਕੀਤਾ ਸੀ।
ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਿਤੀ 14 ਜੁਲਾਈ, 2022 ਨੂੰ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ਰਾਮ ਮਨੋਹਰ ਵਾਸੀ ਗੋਨਿਆਣਾ ਮੰਡੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਮੇਕ ਮਾਈ ਟ੍ਰਿਪ ਅਤੇ ਹੌਟਲ ਹਾਵਰਡ ਨੂੰ ਗੌਰਵ ਬਾਂਸਲ ਵੱਲੋਂ ਅਦਾ ਕੀਤੀ ਗਈ 13,882/- ਰੁਪਏ ਤੋਂ ਇਲਾਵਾ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਆਦਿ ਦੇ ਲਈ 10,000/- ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ-ਅੰਦਰ ਕਰਨ ਦੇ ਆਦੇਸ਼ ਦਿੱਤੇ ਹਨ।