ਰਾਜ ਪੱਧਰੀ ਬਾਕਸਿੰਗ ਮੁਕਾਬਲੇ ਸਫ਼ਲਤਾਪੂਰਵਕ ਸਮਾਪਤ
-ਸੂਬੇ ਭਰ ਦੇ ਖਿਡਾਰੀਆਂ ਨੇ ਦਿਖਾਇਆ ਆਪਣਾ ਦਮ-ਖਮ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਨਵੰਬਰ ,2024
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਕਰਵਾਏ ਗਏ ਲੜਕੇ-ਲੜਕੀਆ ਦੇ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਏ। ਅੱਜ ਸਮਾਪਤੀ ਸਮਾਰੋਹ ਵਾਲੇ ਦਿਨ ਸੰਤ ਅਵਤਾਰ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਹੈੱਡ ਦਰਬਾਰ ਕੋਟ ਪੁਰਾਣ, ਰੂਪ ਨਗਰ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ। ਉਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ, ਤਾਂ ਜੋ ਖਿਡਾਰੀ ਰਾਜ ਪੱਧਰੀ, ਨੈਸ਼ਨਲ ਪੱਧਰੀ ਅਤੇ ਵਿਸ਼ਵ ਪੱਧਰੀ ਖੇਡਾਂ ਵਿਚ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਸ ਦੌਰਾਨ ਪੂਜਾ ਰਾਣੀ, ਫੁੱਟਬਾਲ ਕੋਚ ਜ਼ਿਲ੍ਹਾ ਪਠਾਨਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਅੱਜ ਆਖ਼ਰੀ ਦਿਨ ਦੇ ਬਾਕਸਿੰਗ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮਰ ਵਰਗ ਅੰਡਰ 17 ਲੜਕੇ ਭਾਰ ਵਰਗ 44-46 ਵਿਚ ਸ਼ੁਭਬੀਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਭਾਰ ਵਰਗ 46-48 ਕਿਲੋ ਵਿਚ ਚਿਰਾਗ ਜ਼ਿਲ੍ਹਾ ਐਸ ਏ ਐਸ ਨਗਰ, ਭਾਰ ਵਰਗ 48-50 ਕਿਲੋ ਵਿਚ ਸਾਹਿਲ ਜ਼ਿਲ੍ਹਾ ਬਰਨਾਲਾ, ਭਾਰ ਵਰਗ 50-52 ਕਿਲੋ ਵਿਚ ਪ੍ਰਭਨੂਰ ਜ਼ਿਲ੍ਹਾ ਫਾਜ਼ਿਲਕਾ, ਭਾਰ ਵਰਗ 52-54 ਕਿਲੋ ਵਿਚ ਅਰਸ਼ਪ੍ਰੀਤ ਜ਼ਿਲ੍ਹਾ ਸੰਗਰੂਰ, ਭਾਰ ਵਰਗ 54-57 ਕਿਲੋ ਵਿਚ ਮੁਰਤਜਾ ਹਨੀਫ਼ ਜ਼ਿਲ੍ਹਾ ਮਾਲੇਰਕੋਟਲਾ, ਭਾਰ ਵਰਗ 57-60 ਕਿਲੋ ਵਿਚ ਮਨਵੀਰ ਜ਼ਿਲ੍ਹਾ ਪਟਿਆਲਾ, ਭਾਰ ਵਰਗ 60-63 ਕਿਲੋ ਵਿਚ ਇੰਸਵਿੰਦਰ ਜ਼ਿਲ੍ਹਾ ਮਾਨਸਾ, ਭਾਰ ਵਰਗ 63-66 ਕਿਲੋ ਵਿਚ ਰਾਹੁਲ ਜ਼ਿਲ੍ਹਾ ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਰਾਮ ਮੇਅਰ, ਸਹਾਇਕ ਡਾਇਰੈਕਟਰ ਖੇਡਾਂ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ, ਖੇਡ ਕਨਵੀਨਰ ਮੁਹੰਮਦ ਹਬੀਬ, ਹਰਦੀਪ ਸਿੰਘ ਕੋ- ਕਨਵੀਨਰ, ਹਰਪ੍ਰੀਤ ਹੈਰੀ, ਗੁਰਜੀਤ ਕੌਰ ਕਬੱਡੀ ਕੋਚ, ਲਵਪ੍ਰੀਤ ਕੌਰ ਅਥਲੈਟਿਕਸ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਅਤੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਰਾਜ ਪੱਧਰੀ ਟੂਰਨਾਮੈਂਟ ਵਿਚ ਸਟੇਟ ਸੰਚਾਲਕੀ ਦੀ ਭੂਮਿਕਾ ਹਰਦੀਪ ਸਿੰਘ ਹੈਰੀ ਵੱਲੋਂ ਬਖੂਬੀ ਨਿਭਾਈ ਗਈ।