ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ 9 ਤੇ 10 ਨਵੰਬਰ ਅਤੇ 23 ਤੇ 24 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ
- ਬੀ.ਐੱਲ.ਓਜ਼ ਆਪਣੇ ਪੋਲਿੰਗ ਸਟੇਸ਼ਨਾਂ ਤੇ ਰਹਿਣ ਹਾਜ਼ਰ, ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਜਾਂਚ
ਬਲੂਆਣਾ, ਫਾਜ਼ਿਲਕਾ 6 ਨਵੰਬਰ 2024 - ਚੋਣਕਾਰ ਰਜਿਸਟੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ 82-ਬਲੂਆਣਾ –ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ *ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕਾਰਜ ਸ਼ੁਰੂ ਹੋ ਗਿਆ ਹੈ। ਇਸ ਤਹਿਤ 9 ਨਵੰਬਰ 2024 ਦਿਨ ਸ਼ਨੀਵਾਰ ਤੇ 10 ਨਵੰਬਰ 2024 ਦਿਨ ਐਤਵਾਰ ਅਤੇ 23 ਨਵੰਬਰ 2024 ਦਿਨ ਸ਼ਨੀਵਾਰ ਤੇ 24 ਨਵੰਬਰ 2024 ਦਿਨ ਐਤਵਾਰ ਨੂੰ ਬੀ.ਐਲ.ਓਜ ਵੱਲੋਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਨਿਸ਼ਚਿਤ ਸਥਾਨ ਤੇ ਨਿਸ਼ਚਿਤ ਮਿਤੀਆਂ ਨੂੰ ਮੌਜੂਦ ਰਹਿਣ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਹਾਜਰੀ ਦੀ ਚੈਕਿੰਗ ਵੀ ਕੀਤੀ ਜਾਵੇਗੀ।
ਚੋਣਕਾਰ ਰਜਿਸਟੇਸ਼ਨ ਅਫਸਰ ਨੇ ਕਿਹਾ ਕਿ ਬੀ.ਐੱਲ.ਓਜ਼ ਬਿਨੈਕਾਰਾਂ ਪਾਸੋਂ ਦਾਅਵੇ ਤੇ ਇਤਰਾਜ਼ਾਂ ਦੇ ਫਾਰਮ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਪਾਸ ਵੋਟਰ ਸੂਚੀਆਂ ਮੌਜੂਦ ਹੋਣਗੀਆਂ, ਜਿਨ੍ਹਾਂ ਰਾਹੀਂ ਵੋਟਰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਦਾ ਸੂਚੀ ਵਿੱਚ ਨਾਮ ਨਹੀਂ ਹੈ ਜਾਂ ਵੇਰਵੇ ਗਲਤ ਹਨ ਜਾਂ ਪਤਾ ਬਦਲਣ ਦੀ ਸੂਰਤ ਵਿੱਚ, ਉਹ ਕੈਂਪ ਦੌਰਾਨ ਲੋੜੀਂਦਾ ਫਾਰਮ ਭਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ(18-19 ਉਮਰ ਤੇ 19 ਤੋਂ ਵਧੇਰੇ ਉਮਰ) ਲਈ ਫਾਰਮ ਨੰ. 6, ਮੌਤ ਹੋਣ ਕਾਰਨ ਜਾਂ ਹੋਰ ਕਾਰਨ ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁੱਸਤੀ, ਰਿਹਾਇਸ਼ ਤਬਦੀਲੀ, ਦਿਵਿਆਂਗਾ ਵਜੋਂ ਮਾਰਕਿੰਗ ਲਈ ਅਤੇ ਡੁਪਲੀਕੇਟ ਵੋਟਰ ਕਾਰਡ ਪ੍ਰਾਪਤ ਕਰਨ ਲਈ ਫਾਰਮ ਨੰ. 8 ਭਰ ਕੇ ਬੀ.ਐਲ.ਓਜ਼ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਯੋਗ ਨਾਗਰਿਕ ਜਿਹੜਾ ਸਾਲ 2025 ਵਿਚ ਆਉਣ ਵਾਲੀਆਂ ਸਾਰੀਆਂ ਯੋਗਤਾ ਮਿਤੀਆਂ 01 ਅਪ੍ਰੈਲ 2025, 01 ਜੁਲਾਈ 2025 ਅਤੇ 01 ਅਕਤੂਬਰ 2025 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਉਹ ਵੀ ਅਗਾਊਂ ਤੌਰ ’ਤੇ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਫਾਰਮ ਉਸੇ ਤਿਮਾਹੀ ਵਿੱਚ ਵਿਚਾਰਿਆ ਜਾਵੇਗਾ, ਜਿਸ ਤਿਮਾਹੀ ਵਿੱਚ ਬਿਨੈਕਾਰ ਦੀ ਉਮਰ 18 ਪੂਰੀ ਹੋਵੇਗੀ।
ਉਨ੍ਹਾਂ ਯੋਗ ਨਾਗਰਿਕਾਂ ਖਾਸ ਕਰ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਬਾਲਗ ਵਿਅਕਤੀ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ।