ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ
ਵਿਦਿਆਰਥੀਆਂ ਨੇ ਕਲੀਨ, ਗਰੀਨ ਅਤੇ ਸੁਰੱਥਿਅਤ ਦਿਵਾਲੀ ਮਨਾਉਣ ਦਾ ਦਿੱਤਾ ਹੋਕਾ
ਰੋਹਿਤ ਗੁਪਤਾ
ਬਟਾਲਾ,30 ਅਕਤੂਬਰ 2024 : ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਅਤੇ ਕੈਮੀਕਲ ਵਿਭਾਗ ਦੇ ਇੰਚਾਰਜ ਮੈਡਮ ਰੇਖਾ ਅਤੇ ਪਲੇਸਮੈੰਟ ਅਫਸਰ ਜਸਬੀਰ ਸਿੰਘ ਦੀ ਦੇਖਰੇਖ ਹੇਠ ਕਾਲਜ ਵਿਖੇ ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਿਵਲ ਡਿਫੈੰਸ ਬਟਾਲਾ ਤੋੰ ਪੋਸਟ ਵਾਰਡਨ ਅਤੇ ਡਿਜ਼ਾਸਟਰ ਮੈੰਨੇਜਮੈੰਟ ਮਾਹਰ ਹਰਬਖਸ਼ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜਸਬੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਹਰ ਸਾਲ ਦਿਵਾਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਨੂੰ ਸੁਰੱਖਿਆ ਪ੍ਰਤਿ ਅਤੇ ਵਾਤਾਵਰਣ ਸਾਫ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਲੀਨ-ਗਰੀਨ ਅਤੇ ਸੁਰੱਥਿਅਤ ਦਿਵਾਲੀ ਮਨਾ ਕੇ ਜਿੰਮੇਵਾਰ ਨਾਗਰਿਕ ਬਣਨ ਦਾ ਸੁਨੇਹਾ ਦਿੱਤਾ ।
ਹਰਬਖਸ਼ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦਿਵਾਲੀ ਮੌਕੇ ਕਿਸੇ ਵੀ ਅਣਸੁਖਾਵੀਂ ਘੱਟਣਾ ਮੌਕੇ ਹੌਂਸਲੇ ਅਤੇ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਦਿਵਾਲੀ ਦੇ ਮੌਕੇ ਵਾਤਾਵਰਣ ਅਤੇ ਸੁਰੱਖਿਆ ਪ੍ਰਤਿ ਜਾਗਰੂਕ ਰਹਿਣਾ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਸਾਡਾ ਫਰਜ਼ ਹੈ।
ਮੁਖੀ ਵਿਭਾਗ ਵਿਜੇ ਮਿਨਹਾਸ, ਸ਼ਿਵ ਰਾਜਨ ਪੁਰੀ ਅਤੇ ਜਗਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਿਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ ਹੁੰਦੇ ਹਨ ਅਤੇ ਸਾਨੂੰ ਹਰ ਤਿਉਹਾਰ ਪੂਰੀ ਤਰਾਂ ਜਿੰਮੇਵਾਰੀ ਨਾਲ ਮਨਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੇ ਇਸ ਮੌਕੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਅਹਿਦ ਲਿਆ।
ਇਸ ਮੌਕੇ ਲੈਕਚਰਾਰ ਮੈਡਮ ਸ਼ਾਲਿਨੀ ਅਤੇ ਮੈਡਮ ਜਸਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ।
ਕੈਮੀਕਲ ਵਿਭਾਗ ਦੀਆਂ ਵਿਦਿਆਰਥਣਾਂ ਜਸਮੀਤ ਕੌਰ ਅਤੇ ਕਵਲਜੀਤ ਕੌਰ ਨੇ ਰੰਗੋਲੀ ਬਣਾਈ ਅਤੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਹਰਮਨਜੀਤ ਕੌਰ ਅਤੇ ਕਿਰਨਦੀਪ ਕੌਰ ਨੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਤੇ ਭਾਸ਼ਣ ਦੇ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਦੇ ਅੰਤ ਵਿੱਚ ਕੈਮੀਕਲ ਵਿਭਾਗ ਦੇ ਇੰਚਾਰਜ ਮੈਡਮ ਰੇਖਾ ਨੇ ਆਏ ਹੋਏ ਮਾਹਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਉਨਾਂ ਨੇ ਦਿਵਾਲੀ ਦੇ ਇਸ ਪ੍ਰੋਗਰਾਮ ਨੂੰ ਸੁਚੱਜੇ ਤਰੀਕੇ ਨਾਲ ਆਯੋਜਿਤ ਕਰਨ ਲਈ ਕੈਮੀਕਲ ਵਿਭਾਗ ਦੇ ਸਮੂਹ ਵਿਦਿਆਰਥੀਆਂ ਦੀ ਸ਼ਲਾਗਾ ਕੀਤੀ ਅਤੇ ਆਸ ਜਤਾਈ ਕਿ ਉਹ ਕਲੀਨ ਗਰੀਨ ਅਤੇ ਸੇਫ ਦਿਵਾਲੀ ਮਨਾਉਣਗੇ।