ਸਰਕਾਰ ਵੱਲੋਂ ਸਰਕਾਰੀ ਰੇਟਾਂ ’ਤੇ ਸਕੈਨ ਲਈ ਨਿੱਜੀ ਸਕੈਨ ਸੈਂਟਰ ਇੰਪੈਨਲ ਕੀਤੇ ਹੋਏ ਹਨ-ਸਿਵਲ ਸਰਜਨ
ਸਰਕਾਰੀ ਫ਼ੀਸ ਹਸਪਤਾਲ ’ਚ ਜਮ੍ਹਾਂ ਕਰਵਾ ਕੇ ਨਿੱਜੀ ਸਕੈਨ ਸੈਂਟਰਾਂ ਤੋਂ ਕਰਵਾਏ ਜਾ ਸਕਦੇ ਹਨ ਸਕੈਨ
ਖਰੜ, 16 ਸਤੰਬਰ, 2024:
ਸਿਵਲ ਸਰਜਨ ਡਾ. ਰੇਨੂ ਸਿੰਘ ਨੇ ਖਰੜ ਦੇ ਸਿਵਲ ਹਸਪਤਾਲ ’ਚ ਸਟਾਫ਼ ਦੀ ਘਾਟ ਅਤੇ ਅਲਟਰਾਸਾਊਂਡ ਨਾ ਹੋਣ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਨਿੱਜੀ ਖੇਤਰਾਂ ਦੇ ਸਕੈਨ ਸੈਂਟਰਾਂ ਨੂੰ ਇੰਪੈਨਲ ਕੀਤਾ ਹੋਇਆ ਹੈ, ਜਿੱਥੇ ਕੇਵਲ ਸਰਕਾਰੀ ਫ਼ੀਸ ਦੇ ਆਧਾਰ ’ਤੇ ਅਲਟਰਾਸਾਊਂਡ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਬੰਧਤ ਡਾਕਟਰ ਵੱਲੋਂ ਰੈਫ਼ਰ ਕੀਤੇ ਜਾਣ ਬਾਅਦ, ਮਰੀਜ਼ ਸਰਕਾਰੀ ਫ਼ੀਸ ਹਸਪਤਾਲ ਜਮ੍ਹਾਂ ਕਰਵਾ ਕੇ, ਇੰਪੈਨਲਡ ਸਕੈਨ ਸੈਂਟਰ ਤੋਂ ਮੁਫ਼ਤ ਸਕੈਨ ਸੁਵਿਧਾ ਹਾਸਲ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੋਈ ਵੀ ਸਕੈਨ ਸਰਕਾਰੀ ਫ਼ੀਸ ’ਤੇ ਹਸਪਤਾਲ ਦੇ ਡਾਕਟਰ ਦੀ ਸਿਫ਼ਾਰਸ਼ ਤੋਂ ਬਾਅਦ ਕਰਵਾ ਸਕਦੇ ਹਨ।
ਹਸਪਤਾਲ ’ਚ ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਪੀਣ ਦੇ ਪਾਣੀ ਅਤੇ ਸਫ਼ਾਈ ਵਿਵਸਥਾ ਬਾਰੇ ਐਸ ਐਮ ਓ ਨੂੰ ਕਿਹਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਇਨ੍ਹਾਂ ਘਾਟਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।