ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ - ਚਾਰ ਬੱਸਾਂ ਦੇ ਕੀਤੇ ਚਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਨਵੰਬਰ ,2024 - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਬਣੀ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਵਾਂਸ਼ਹਿਰ ਵਿਖੇ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿਚ ਸ਼ਿਵਾਲਿਕ ਪਬਲਿਕ ਸਕੂਲ , ਜੇ ਐਸ ਐਫ ਐਚ ਖਾਲਸਾ ਸਕੂਲ, ਦੁਆਬਾ ਸਿੱਖ ਨੈਸ਼ਨਲ ਸਕੂਲ, ਡੇਰਿਕ ਪਬਲਿਕ ਸਕੂਲ ਅਤੇ ਕੈਂਬ੍ਰਿਜ ਪਬਲਿਕ ਸਕੂਲ ਦੀਆਂ ਬੱਸਾਂ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਤਕਰੀਬਨ 13 ਸਕੂਲਾਂ ਦੀਆਂ ਕੁੱਲ 26 ਸਕੂਲੀ ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਚਾਰ ਬੱਸਾਂ ਦੇ ਚਲਾਨ ਵੀ ਕੀਤੇ ਗਏ।
ਇਸ ਮੌਕੇ ਟੀਮ ਵਲੋਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ। ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਲੋਂ ਸਮੇ-ਸਮੇ 'ਤੇ ਸਕੂਲ ਦੇ ਪ੍ਰਿੰਸੀਪਲਾਂ ਅਤੇ ਸਕੂਲ ਵਾਹਨਾ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ, ਜਿਵੇ ਕਿ ਸੀ.ਸੀ ਟੀ. ਵੀ ਕੈਮਰਾ, ਖਿੜਕੀ 'ਤੇ ਲੋਹੇ ਦੀ ਗਰਿਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਬੈਂਸ ਡਰਾਈਵਰ ਦਾ ਯੂਨੀਫਾਰਮ ਵਿਚ ਹੋਣਾ, ਸੀਟ ਬੈਲਟ ਲਗਾਉਣਾ, ਸਮਰੱਥਾ ਤੋਂ ਵੱਧ ਬੱਚੇ ਸਕੂਲ ਬੱਸ ਵਿਚ ਨਾ ਬਿਠਾਉਣਾ, ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਤੋ ਇਲਾਵਾ ਸਕੂਲ ਵਾਹਨਾਂ ਦੇ ਡਰਾਈਵਰਾਂ ਕੋਲ ਵਾਹਨ ਦੇ ਕਾਗਜ਼ਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੱਚਿਆ ਦੀ ਚੰਗੀ ਸੁਰੱਖਿਆ ਦੁਆਰਾ ਹੀ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਰਮਨਦੀਪ ਸਿੰਘ ਏਟੀਓ, ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ, ਆਊਟਰੀਚ ਵਰਕਰ ਕਾਨਤਾ, ਸਿੱਖਿਆ ਵਿਭਾਗ ਤੋਂ ਹਰਿੰਦਰ ਸਿੰਘ ਦੇ ਨਾਲ ਨਾਲ ਪੁਲਿਸ ਵਿਭਾਗ ਤੋਂ ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਏਐਸਆਈ ਦਿਲਾਵਰ ਸਿੰਘ ਅਤੇ ਰਵਿੰਦਰ ਕੌਰ ਵੀ ਮੌਜੂਦ ਸਨ।