ਹਾੜ੍ਹੀ ਦੇ ਸੀਜ਼ਨ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਾਦਾਂ ਦੀ ਨਹੀਂ ਆਵੇਗੀ ਕੋਈ ਕਿੱਲਤ - ਡਾ. ਰਜਿੰਦਰ ਕੰਬੋਜ
- ਮੁੱਖ ਖੇਤੀਬਾੜੀ ਅਫ਼ਸਰ ਨੇ ਡੀ. ਏ. ਪੀ ਦੇ ਬਦਲ ਵਜੋਂ ਵਰਤੀਆਂ ਜਾ ਸਕਣ ਵਾਲੀਆਂ ਖਾਦਾਂ ਦੀ ਜਾਣਕਾਰੀ ਕੀਤੀ ਸਾਂਝੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 6 ਨਵੰਬਰ ,2024 - ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਕੁਮਾਰ ਕੰਬੋਜ ਨੇ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਾਦਾਂ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦਾ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਆ ਰਹੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਫ਼ਸਲਾਂ ਲਈ ਖਾਦਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡੀ.ਏ.ਪੀ ਖਾਦ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ, ਜੋ ਕਿ ਕਣਕ, ਝੋਨਾ, ਮੱਕੀ, ਆਲੂ ਫਸਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਵਰਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀ.ਏ.ਪੀ ਖਾਦ ਨੂੰ ਵੱਧ ਤਰਜੀਹ ਦਿੰਦੇ ਹਨ, ਕਿਉਂਕਿ ਡੀ.ਏ.ਪੀ ਖਾਦ ਫਾਸਫੋਰਸ 46 ਫੀਸਦੀ ਦੀ ਪੂਰਤੀ ਦੇ ਨਾਲ ਨਾਈਟ੍ਰੋਜਨ 18 ਫੀਸਦੀ ਦੀ ਜ਼ਰੂਰਤ ਨੂੰ ਵੀ ਪੂਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਡੀ.ਏ.ਪੀ ਆਸਾਨੀ ਨਾਲ ਮਿਲਣ ਕਰਕੇ ਕਿਸਾਨਾਂ ਨੇ ਬਹੁਤ ਮਾਤਰਾ ਵਿਚ ਇਸ ਨੂੰ ਇਸਤੇਮਾਲ ਕੀਤਾ। ਪਰੰਤੂ ਇਸ ਵਾਰ ਡੀ.ਏ.ਪੀ ਖਾਦ ਘੱਟ ਮਿਲਣ ਕਰਕੇ ਹੋਰ ਫਾਸਫੋਰਸ ਵਾਲੀਆਂ ਖਾਦਾਂ ਵੀ ਡੀ.ਏ.ਪੀ. ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਪਹਿਲੇ ਬਦਲ ਵਜੋਂ ਐਨ.ਪੀ.ਕੇ. (12.32.16) ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਸਦੇ ਵਿਚ 32 ਫੀਸਦੀ ਫਾਸਫੋਰਸ, 12 ਫੀਸਦੀ ਨਾਈਟ੍ਰੋਜਨ ਅਤੇ 16 ਫੀਸਦੀ ਪੋਟਾਸ਼ ਹੁੰਦੀ ਹੈ। ਇਕ ਬੋਰੀ ਡੀ ਏ ਪੀ ਦੀ ਜਗ੍ਹਾ (12. 32.16) ਦਾ ਡੇਢ ਗੱਟਾ ਪਾ ਕੇ ਕਣਕ ਬੀਜੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਦੂਜਾ ਬਦਲ ਟੀ.ਐਸ.ਪੀ (0.46.0) ਟ੍ਰਿਪਲ ਸੁਪਰ ਫਾਸਫੇਟ ਹੈ, ਇਸਦੇ ਵਿਚ ਫਾਸਫੋਰਸ ਤੱਤ 46 ਫੀਸਦੀ ਡੀ.ਏ.ਪੀ. ਦੇ ਬਰਾਬਰ ਹੀ ਹੁੰਦਾ ਹੈ, ਵਾਧੂ ਨਾਲ 20 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਪਾ ਕੇ ਨਾਈਟ੍ਰੋਜਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਖਾਦ ਨੂੰ ਕਿਸਾਨ ਜ਼ਰੂਰ ਤਰਜੀਹ ਦੇਣ, ਇਹ ਖਾਦ ਡੀ.ਏ.ਪੀ ਦੇ ਬਰਾਬਰ ਹੀ ਕੰਮ ਕਰੇਗੀ।
ਤੀਜਾ ਬਦਲ ਐਸ.ਐਸ.ਪੀ ਸਿੰਗਲ ਸੁਪਰ ਫਾਸਫੇਟ ਖਾਦ, ਜਿਸਨੂੰ ਸੁਪਰ ਵੀ ਕਿਹਾ ਜਾਂਦਾ ਹੈ, ਇਸਦੇ ਵਿਚ 16 ਫੀਸਦੀ ਫਾਸਫੋਰਸ, 11 ਫੀਸਦੀ ਸਲਫਰ ਅਤੇ 21 ਫੀਸਦੀ ਕੈਲਸ਼ੀਅਮ ਹੁੰਦਾ ਹੈ। ਸੁਪਰ ਦੀਆਂ ਤਿੰਨ ਬੋਰੀਆਂ ਨਾਲ ਡੀ.ਏ.ਪੀ ਦੇ ਬਰਾਬਰ ਤੱਤ ਮਿਲਦੇ ਹਨ ਅਤੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਚੌਥਾ ਬਦਲ ਐਨ.ਪੀ.ਕੇ (20.20.0.13) ਹੈ, ਇਸਦੇ ਵਿਚ 20 ਫੀਸਦੀ ਨਾਈਟ੍ਰੋਜਨ, 20 ਫੀਸਦੀ ਫਾਸਫੋਰਸ ਅਤੇ 13 ਫੀਸਦੀ ਸਲਫਰ ਹੁੰਦਾ ਹੈ। ਪੰਜਵਾਂ ਬਦਲ ਐਨ.ਪੀ.ਕੇ (10. 26.26) ਹੈ, ਇਸਦੇ ਵਿਚ ਨਾਈਟ੍ਰੋਜਨ 10 ਫੀਸਦੀ 26 ਫੀਸਦੀ ਫਾਸਫੋਰਸ ਅਤੇ 26 ਫੀਸਦੀ ਪੋਟਾਸ਼ ਤੱਤ ਹੁੰਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਡੀ.ਏ.ਪੀ. ਮਿਲਣ ਵਿਚ ਕੋਈ ਦਿੱਕਤ ਆ ਰਹੀ ਹੈ, ਤਾਂ ਇਨ੍ਹਾਂ ਫਾਸਫੋਰਸ ਖਾਦਾਂ ਨੂੰ ਡੀ.ਏ.ਪੀ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਆਸਾਨੀ ਨਾਲ ਕਣਕ ਬੀਜੀ ਜਾ ਸਕਦੀ ਹੈ।