ਗੁਰਦਾਸਪੁਰ: ਪੁਲਿਸ ਨਾਕੇ 'ਤੇ ਇਨੋਵਾ ਛੱਡ ਕੇ ਭੱਜੇ ਤਸਕਰ, ਬਰਾਮਦ ਹੋਈ 65 ਪੇਟੀਆਂ ਦੇਸੀ ਸ਼ਰਾਬ
ਰੋਹਿਤ ਗੁਪਤਾ
ਗੁਰਦਾਸਪੁਰ 7 ਜੁਲਾਈ ਐਕਸਾਈਜ ਪੋਲਿਸੀ ਲਾਗੂ ਹੋਣ ਦੇ ਬਾਵਜੂਦ ਸ਼ਰਾਬ ਦੇ ਠੇਕੇਦਾਰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਵਿੱਚ ਸ਼ਰਾਬ ਦੀ ਤਸਕਰੀ ਕਰਨ ਤੋਂ ਬਾਜ ਨਹੀਂ ਆਉਂਦੇ। ਥਾਣਾ ਸਦਰ ਦੀ ਪੁਲਿਸ ਨੇ ਇੱਕ ਵਾਰ ਫਿਰ ਅਜਿਹੀਆਂ ਹੀ ਤਸਕਰੀ ਕਰਕੇ ਲਜਾਈਆਂ ਜਾ ਰਹੀਆਂ 65 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਬੱਬਰੀ ਬਾਈਪਾਸ ’ਤੇ ਨਾਕੇ ਦੌਰਾਨ ਪੁਲਿਸ ਵੱਲੋਂ ਅੰਮ੍ਰਿਤਸਰ ਵੱਲੋਂ ਆ ਰਹੀ ਇਨੋਵਾ ਗੱਡੀ ਨੰਬਰ ਪੀਬੀ 11 ਸੀਬੀ 1948 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ ਦੀ ਡਿੱਗੀ ’ਚੋਂ 65 ਪੇਟੀਆਂ ਦੇਸੀ ਸ਼ਰਾਬ ਬਰਾਮਦ ਹੋਈ। ਇਸ ਦੌਰਾਨ ਤਸਕਰ ਮੌਕੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਏ। ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਦੇਸੀ ਸ਼ਰਾਬ ਦਾ ਸੀਮਤ ਕੋਟਾ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਇਸ ਧੰਦੇ ਨਾਲ ਜੁੜੇ ਲੋਕ ਇੱਕ ਦੂਜੇ ਦੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਸਪਲਾਈ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਹਾਲਾਂਕਿ ਅੰਗਰੇਜ਼ੀ ਕੋਟਾ ਖੁੱਲ੍ਹਾ ਹੋਣ ਦੇ ਬਾਵਜੂਦ ਆਬਕਾਰੀ ਵਿਭਾਗ ਨੇ ਵਿਕਰੀ ਦੇ ਹਿਸਾਬ ਨਾਲ ਪੇਟੀਆਂ ਦੀ ਸੀਮਾ ਤੈਅ ਕਰ ਦਿੱਤੀ ਹੈ। ਨਵੀਂ ਆਬਕਾਰੀ ਨੀਤੀ ਅਨੁਸਾਰ ਸਾਲ 2024_25 ਦੀ ਸ਼ੁਰੂਆਤ ਦੇ ਨਾਲ ਹੀ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ 'ਤੇ ਸ਼ਿਕੰਜਾ ਕੱਸਣ ਲਈ ਸਖ਼ਤ ਕਦਮ ਚੁੱਕੇ ਹਨ ਪਰ ਇਸ ਦੇ ਬਾਵਜੂਦ ਤਸਕਰੀ ਰੁਕ ਨਹੀਂ ਰਹੀ।
ਥਾਣਾ ਸਦਰ ਪੁਲਿਸ ਵੱਲੋਂ ਜੋ ਸ਼ਰਾਬ ਬਰਾਮਦ ਕੀਤੀ ਗਈ ਹੈ ਉਸ ਉੱਤੋਂ ਹਰ ਵਾਰ ਦੀ ਤਰਹਾਂ ਇਸ ਵਾਰ ਵੀ ਤਸਕਰਾਂ ਨੇ ਸ਼ਰਾਬ ਦੀ ਹਰ ਬੋਤਲ ਤੋਂ ਬੈਚ ਨੰਬਰ, ਹੋਲੋਗ੍ਰਾਮ ਅਤੇ ਹੋਰ ਨਿਸ਼ਾਨ ਹਟਾ ਦਿੱਤੇ ਹਨ ਤਾਂ ਜੋ ਵਿਭਾਗ ਸ਼ਰਾਬ ਫੜਨ ਤੋਂ ਬਾਅਦ ਸ਼ਰਾਬ ਦੀ ਤਸਕਰੀ ਕਰਨ ਵਾਲੇ ਠੇਕੇਦਾਰ ਤੱਕ ਪਹੁੰਚ ਕੇ ਠੇਕੇਦਾਰ ਵਿਰੁੱਧ ਕੋਈ ਕਾਰਵਾਈ ਨਾ ਕਰ ਸਕੇ।