ਜਨਤਕ ਜਥੇਬੰਦੀਆਂ ਨੇ ਫਾਸ਼ੀਵਾਦ ਦੇ ਖਤਰੇ ਅਤੇ ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ਼ ਕਨਵੈਨਸ਼ਨ ਕਰਵਾਈ
ਅਸ਼ੋਕ ਵਰਮਾ
ਰਾਮਪੁਰਾ, 24 ਨਵੰਬਰ 2024 :ਫਾਸ਼ੀਵਾਦ ਦੇ ਖਤਰੇ ਅਤੇ ਇਸ ਨੂੰ ਨਜਿੱਠਣ ਦੇ ਢੰਗ ਤਰੀਕਿਆਂ ਤੇ ਯੂਏਪੀਏ ਵਰਗੇ ਖਤਰਨਾਕ ਕਾਨੂੰਨਾਂ ਨੂੰ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਵਿੱਚ ਵਿੰਗੇ ਟੇਡੇ ਢੰਗ ਨਾਲ ਸ਼ਾਮਿਲ ਕਰਨ ਵਰਗੇ ਕਨੂੰਨੀ ਪਹਿਲੂਆਂ ਉੱਪਰ ਅੱਜ ਰਾਮਪੁਰਾ ਫੂਲ ਵਿਖੇ ਇੱਕ ਕਨਵੈਨਸ਼ਨ ਕੀਤੀ ਗਈ । ਇਹ ਕਨਵੈਨਸ਼ਨ ਰਾਮਪੁਰਾ ਫੂਲ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਆਪਣੇ ਲੋਕਾਂ ਨੂੰ ਜਾਗਰਿਤ ਕਰਾਉਣ ਲਈ ਸਾਂਝੀ ਰੂਪ ਵਿੱਚ ਕਰਵਾਈ ਗਈ |ਫਾਸ਼ੀਵਾਦ ਵਿਸ਼ੇ ਤੇ ਸੰਬੋਧਨ ਕਰਦਿਆਂ ਦਿੱਲੀ ਦੀ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸ਼ਿਵਾਨੀ ਕੌਲ ਨੇ ਕਿਹਾ ਕਿ ਅਸਲ ਵਿੱਚ ਕਾਰਪੋਰੇਟ ਦੀ ਲੁੱਟ ਅਤੇ ਕਾਰਪੋਰੇਟ ਦਾ ਮਾਲ ਖਜ਼ਾਨਿਆਂ ਉੱਤੇ ਕਬਜ਼ਾ ਕਰਨ ਸਮੇਂ ਲੋਕਾਂ ਸਾਹਮਣੇ ਹਾਕਮਾਂ ਵੱਲੋਂ ਕੋਈ ਜਾਅਲੀ ਦੁਸ਼ਮਣ ਪੇਸ਼ ਕਰ ਦਿੱਤਾ ਜਾਂਦਾ ਹੈ । ਇਸ ਸਮੇਂ ਕਾਰਪੋਰੇਟ ਦੀ ਲੋੜ ਅਨੁਸਾਰ ਪੂਰੇ ਯੋਜਨਾ ਬੰਦ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਨੂੰ ਵੱਡੇ ਦੁਸ਼ਮਣ ਵਜੋਂ ਪੇਸ਼ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜੋ ਹਿੱਸਾ ਵੀ ਕਰਪੋਰੇਟੀ ਲੁੱਟ ਨੂੰ ਉਜਾਗਰ ਕਰਦਾ ਹੈ ਉਹ ਵੀ ਰਾਸ਼ਟਰ ਵਿਰੋਧੀ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਮੀਡੀਆ ਤੇ ਸੰਗਠਨਾ ਦੀ ਮਦਦ ਨਾਲ ਲੋਕ ਮਨਾ ਵਿੱਚ ਭਰਿਆ ਜਾਂਦਾ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਐਡਵੋਕੇਟ ਅਮਨਦੀਪ ਕੌਰ ਨੇ ਵੱਖ-ਵੱਖ ਕਾਨੂੰਨਾਂ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਨਵੇਂ ਕਾਨੂੰਨ ਅੰਗਰੇਜ਼ਾਂ ਦੇ ਰੋਲਟ ਐਕਟ ਨਾਲੋਂ ਵੀ ਜਿਆਦਾ ਖਤਰਨਾਕ ਅਤੇ ਆਮ ਆਦਮੀ ਦੀ ਸੰਘੀ ਘੁੱਟਣ ਵਾਲੇ ਹਨ। ਉਹਨਾਂ ਕਿਹਾ ਕਿ ਇਹ ਫੌਜਦਾਰੀ ਕਾਨੂੰਨ ਇੱਕ ਤਰ੍ਹਾਂ ਨਾਲ ਸਰਕਾਰਾਂ ਦਾ ਜਾਬਰ ਚਿਹਰਾ ਹੈ। ਉਹਨਾਂ ਕਿਹਾ ਕਿ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਯੂਏਪੀਏ ਵਰਗੇ ਪ੍ਰਬੰਧਕਾਂ ਖਿਲਾਫ ਹਰ ਜਨਤਕ ਤੇ ਜਮਹੂਰੀ ਧਿਰਾਂ ਨੂੰ ਸਾਹਮਣੇ ਆਉਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਸੁਖਦੇਵ ਪਾਂਧੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸਟੇਜ ਸੰਚਾਲਨ ਅਵਤਾਰ ਸਿੰਘ ਨੇ ਕੀਤਾ। ਇਸ ਮੌਕੇ ਕੋਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਮਤੇ ਵੀ ਪਾਸ ਕੀਤੇ ਗਏ। ਬਠਿੰਡਾ ਦੇ ਜਮਹੂਰੀ ਕਾਰਕੁਨ ਐਡਵੋਕੇਟ ਸੁਦੀਪ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮੰਦਰ ਜੱਸੀ, ਮਾਸਟਰ ਗੁਰਨਾਮ, ਜਗਸੀਰ ਮਹਿਰਾਜ ਨੇ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ । ਇਸ ਮੌਕੇ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੋਸਾਇਟੀ, ਬੀਕੇਯੂ ਡਕੌਂਦਾ (ਧਨੇਰ), ਬੀਕੇਯੂ ਉਗਰਾਹਾ, ਬੀਕੇਯੂ ਕ੍ਰਾਂਤੀਕਾਰੀ, ਭੱਠਾ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਵਾਟਰ ਸਪਲਾਈ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ, ਦਲਿਤ ਮਜ਼ਦੂਰ ਯੂਨੀਅਨ, ਨਗਰ ਪਾਲਿਕਾ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਡੀਟੀਐਫ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਪੰਜਾਬ ਕਿਸਾਨ ਯੂਨੀਅਨ ਫਾਈਰਬਰਗੇਟ ਯੂਨੀਅਨ, ਸੀਮੈਂਟ ਫੈਕਟਰੀ ਮਜ਼ਦੂਰ ਯੂਨੀਅਨ ਆਦਿ ਸ਼ਾਮਿਲ ਸਨ।