ਪੜ੍ਹੋ, ਨਿਰੰਕਾਰੀ ਭਵਨ ਬਲਾਸਟ 'ਚ ਮੁਲਜ਼ਮ ਬਿਕਰਮਜੀਤ ਤੇ ਅਵਤਾਰ ਦਾ ਕੀ ਹੈ ਪਿਛੋਕੜ ?
ਚੰਡੀਗੜ੍ਹ, 22 ਨਵੰਬਰ 2018 - ਅੰਮ੍ਰਿਤਸਰ ਨਿਰੰਕਾਰੀ ਭਵਨ ਬਲਾਸਟ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ 72 ਘੰਟਿਆਂ ਅੰਦਰ ਦੋਸ਼ੀਆਂ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਵੱਲੋ ਦੋਹਾਂ ਮੁਲਜ਼ਮਾਂ ਬਾਰੇ ਇਕ ਖੁਲਾਸਾ ਕੀਤਾ ਗਿਆ ਕਿ ਦੋਹਾਂ ਮੁਲਜ਼ਮਾਂ ਦਾ ਪਿਛੋਕੜ ਕੋਈ ਕ੍ਰਿਮਿਨਲ ਨਹੀਂ ਹੈ ਜਾਂ ਉਹ ਸ਼ੁਰੂ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਹੀਂ ਆ ਰਹੇ।
ਅਵਤਾਰ ਸਿੰਘ ਖਾਲਸਾ ਬਹੁਤ ਹੀ ਸਾਦੇ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਸ਼ਖਸ ਹੈ। ਉਹ ਚੱਕ ਮਿਸ਼ਰੀ ਖਾਨ, ਲੋਪੋਕੇ, ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸਦਾ ਘਰ ਬਾਰ ਅਤੇ ਰਹਿਣ ਸਹਿਣ ਬਹੁਤ ਸਾਦਾ ਜਿਹਾ ਹੈ। ਜੋ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ ਇਸ ਘਟਨਾ ਤੋਂ ਬਾਅਦ ਅਵਤਾਰ ਸਿੰਘ ਖਾਲਸਾ ਦਾ ਪਰਿਵਾਰ ਫਰਾਰ ਹੈ। ਪੁਲਿਸ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਲੱਭਣ ਲਈ ਇੱਕ ਵੱਡੇ ਖੋਜ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਹਾਲਾਂਕਿ ਬਾਬੂਸ਼ਾਹੀ ਦੇ ਪੁਲਿਸ ਸੂਤਰਾਂ ਮੁਤਾਬਕ ਅਵਤਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਧਿਕਾਰਤ ਤੌਰ 'ਤੇ ਪੁਲਿਸ ਵੱਲੋਂ ਫਿਲਹਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਉਧਰ ਇਸ ਘਟਨਾ 'ਚ ਸ਼ਾਮਲ ਬਿਕਰਮਜੀਤ ਸਿੰਘ, ਜਿਸ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਉਸ ਦੇ ਪਰਿਵਾਰ 'ਚ ਉਸਦੀ ਬਿਰਧ ਮਾਤਾ ਤੇ ਇੱਕ ਭਰਾ ਹਨ। ਪਤਾ ਲੱਗਾ ਹੈ ਕਿ ਬਿਕਰਮਜੀਤ ਦਾ ਭਰਾ ਵਿਦੇਸ਼ 'ਚ ਰਹਿ ਰਿਹਾ ਹੈ । ਬਿਕਰਮਜੀਤ ਵੀ ਅਜਨਾਲਾ ਦੇ ਪਿੰਡ ਧਾਰੀਵਾਲ ਦਾ ਨਿਵਾਸੀ ਹੈ। ਇਸ ਘਟਨਾ 'ਚ ਪੁਲਿਸ ਅਨੁਸਾਰ ਬਿਕਰਮਜੀਤ ਨੇ ਮੋਟਰਸਾਈਕਲ ਚਾਲਕ ਦੀ ਭੂਮਿਕਾ ਨਿਭਾਈ ਸੀ ਤੇ ਉਸਦੇ ਸਾਥੀ ਅਵਤਾਰ ਸਿੰਘ ਨੇ ਬੰਬ ਸੁੱਟਿਆ ਸੀ।