'ਖ਼ਲਾਅ ਹੁਣ ਵੀ ਹੈ' ਨੂੰ ਏਨਾ ਮਾਣ ਸਤਿਕਾਰ ਦੇਣ ਲਈ ਤਹਿ ਦਿਲੋਂ ਧੰਨਵਾਦ ਪਿਆਰੇ Hardeep Shirazi
ਧੰਨਵਾਦ Paritham publication ਗੁਰਜੰਟ ਸਿੰਘ ਰਾਜੇਆਣਾ
ਖ਼ਲਾਅ ਹੁਣ ਵੀ ਹੈ - ਗੁਰਪਿਆਰ ਹਰੀ ਨੌ
ਭਾਗ - 1
ਖ਼ਲਾਅ ਹੁਣ ਵੀ ਹੈ ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਜੋ ਕਿ ਗੁਰਜੰਟ ਰਾਜੇਆਣਾ ਦੇ ਪ੍ਰਿਥਮ ਪਬਲੀਕੇਸ਼ਨਜ਼ ਵਲੋਂ ਛਪ ਕੇ ਆ ਚੁੱਕਾ ਹੈ। ਜਿਸ ਨੂੰ ਤੁਸੀਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਚੱਲ ਰਹੇ ਪੰਜ ਰੋਜ਼ਾ ਪੁਸਤਕ ਮੇਲੇ ਤੋਂ ਪ੍ਰਾਪਤ ਕਰ ਸਕਦੇ ਹੋ ਜਾਂ ਸਿੱਧਾ ਗੁਰਜੰਟ ਰਾਜੇਆਣਾ ਦੇ ਸੰਪਰਕ ਰਾਹੀਂ ਪ੍ਰਾਪਤ ਕਰ ਸਕਦੇ ਹੋ।
ਗੁਰਪਿਆਰ ਹਰੀ ਨੌ ਉਹ ਇਨਸਾਨ ਹੈ ਜਿਸ ਨੇ ਮੇਰੇ ਵਰਗੇ ਜੋ ਕਦੇ ਸਕੂਲ ਜਾਂ ਕਾਲਜ ਸਮੇਂ ਕਿਸੇ ਸਟੇਜ ਤੇ ਚੜ੍ਹ ਕੇ ਨਹੀਂ ਸੀ ਬੋਲਿਆ, ਨੂੰ ਬੋਲਣ ਲਈ ਸਿਰਫ਼ ਮੰਚ ਹੀ ਨਹੀਂ ਸੀ ਦਿੱਤਾ ਸਗੋਂ ਮੇਰੀ ਤੁਲਨਾ ਪੱਥਰਾਂ ਨੂੰ ਪਾੜਨ ਵਾਲੇ ਅੰਕੁਰ ਨਾਲ ਕਰਕੇ ਮੈਨੂੰ ਅਜਿਹਾ ਆਸ਼ੀਰਵਾਦ ਦਿੱਤਾ ਸੀ ਕਿ ਸਾਹਿਤ ਦੇ ਖੇਤਰ ਵਿਚ ਮੈਨੂੰ ਵੀ ਦੋ - ਚਾਰ ਬੰਦੇ ਤਾਂ ਪਛਾਣ ਹੀ ਲੈਂਦੇ ਨੇ । ਗੱਲ ਇਥੇ ਹੀ ਨਹੀਂ ਮੁਕਦੀ ਉਹ ਹੁਣ ਵੀ ਜਦੋਂ ਮਿਲਦਾ ਹੈ ਤਾਂ ਹੁਣ ਵੀ ਸਮਾਜ ਦਾ ਸ਼ੀਸ਼ਾ ਵਿਖਾਉਣ ਲਈ ਸਮਾਜ ਦੀਆਂ ਅਨੇਕਾਂ ਕੁਰੀਤੀਆਂ ਦਾ ਜ਼ਿਕਰ ਕਰਦੇ ਰਹਿੰਦੇ ਹਨ ਤਾਂ ਜੋ ਮੇਰੇ ਵਰਗੇ ਦੇ ਅੰਦਰ ਵੀ ਕੋਈ ਅਜਿਹੀ ਚਿਣਗ ਮਘਦੀ ਰਹੇ ਜੋ ਪ੍ਰਚਲਿਤ ਸਮਾਜ ਤੋਂ ਨਾਬਰੀ ਦਾ ਸੰਕਲਪ ਪੇਸ਼ ਕਰਦੀ ਹੋਵੇ ਤੇ ਧਰਤੀ ਤੇ ਮਨੁੱਖ ਨੂੰ ਜੀਓ ਅਤੇ ਜੀਣ ਦਿਓ ਦੇ ਆਸ਼ੇ ਵੱਲ ਲਿਜਾਂਦੀ ਹੋਵੇ । ਉਹਨਾਂ ਇਹ ਵਰਤਾਰਾ ਸਿਰਫ਼ ਮੇਰੇ ਨਾਲ ਹੀ ਨਹੀਂ ਕੀਤਾ ਸਗੋਂ ਹੁਣ ਵੀ ਉਹ ਨਵੇਂ ਤੇ ਨੌਜਵਾਨ ਕਵੀਆਂ ਨੂੰ ਪ੍ਰੇਰਿਤ ਕਰਦੇ ਹੋਏ ਮੰਚ ਵੀ ਪ੍ਰਦਾਨ ਕਰਦੇ ਰਹਿੰਦੇ ਹਨ।
ਜਦੋਂ ਗੱਲ ਆਲੋਚਨਾ ਦੀ ਆਉਂਦੀ ਹੈ ਤਾਂ ਆਮ ਤੌਰ ਤੇ ਅਸੀਂ ਕਿਸੇ ਨੂੰ ਨਿੰਦਣਾ ਜਾਂ ਉਸਦੀਆਂ ਮਾੜੀਆਂ ਗੱਲਾਂ ਨੂੰ ਹੀ ਆਲੋਚਨਾ ਸਮਝ ਲੈਂਦੇ ਹਾਂ, ਪ੍ਰੰਤੂ ਆਲੋਚਨਾ ਵਿਚ ਕਿਸੇ ਰਚਨਾ ਦੀਆਂ ਚੰਗੀਆਂ ਤੇ ਮਾੜੀਆਂ ਜਾਂ ਚੰਗੇ ਅਤੇ ਮਾੜੇ ਦੋਵੇਂ ਪੱਖਾਂ ਨੂੰ ਪੇਸ਼ ਕਰਨਾ ਹੀ ਸਹੀ ਆਲੋਚਨਾਤਮਕ ਅਧਿਐਨ ਹੁੰਦਾ ਹੈ। ਇਸ ਦੇ ਨਾਲ ਸਾਡੇ ਸਮਾਜ ਵਿਚ ਰਚਨਾ ਨਾਲੋਂ ਲੇਖਕ ਜਾਂ ਕਵੀ ਨੂੰ ਮੂਹਰੇ ਰੱਖ ਕੇ ਉਸਦੀ ਆਲੋਚਨਾ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਵਰਤਾਰਾ ਹੈ, ਆਲੋਚਨਾ ਕਵੀ ਦੀ ਨਹੀਂ ਕਵਿਤਾ ਦੀ ਹੋਣੀ। ਚਾਹੀਦੀ ਹੈ। ਉਪਰੋਕਤ ਸ਼ਬਦ ਜੋ ਗੁਰਪਿਆਰ ਹਰੀ ਨੌ ਦੀ ਸ਼ਖ਼ਸੀਅਤ ਦੇ ਕਿਸੇ ਇਕ ਪੱਖ ਨਾਲ ਤੁਹਾਡਾ ਤੁਆਰਫ਼ ਕਰਵਾਉਂਦੇ ਹਨ ਮੈਂ ਇਸ ਲਈ ਪੇਸ਼ ਕੀਤੇ ਹਨ ਤਾਂ ਜੋ ਆਪ ਨੂੰ ਵੀ ਪਤਾ ਲੱਗ ਸਕੇ ਕਿ ਗੁਰਪਿਆਰ ਹਰੀ ਨੌ ਕਵਿਤਾ ਤੇ ਕਵੀ ਦਰਮਿਆਨ ਬਚਦੇ ਫ਼ਾਸਲੇ ਵਿਚ ਉਹੀ ਗੁਰਪਿਆਰ ਹਰੀ ਨੌ ਹੈ ਜੋ ਕਵੀ ਦੇ ਤੌਰ ਤੇ ਖ਼ਲਾਅ ਹੁਣ ਵੀ ਹੈ ਰਾਹੀਂ ਸਾਡੇ ਸਾਹਵੇਂ ਪੇਸ਼ ਹੁੰਦਾ ਹੈ।
ਉਹ ਆਪਣੀ ਕਵਿਤਾ ਵਿਚ ਬੇਬਾਕੀ ਨਾਲ ਆਪਣੀ ਸੁਰ ਪੇਸ਼ ਕਰਦਾ ਹੈ ਤੇ ਅਸਲ ਜ਼ਿੰਦਗੀ ਵਿਚ ਤਾਂ ਮੈਂ ਉਸਨੂੰ ਬੇਬਾਕੀ ਨਾਲ ਵਿਚਰਦਿਆਂ ਆਪਣੀਆਂ ਅੱਖਾਂ ਸਾਹਵੇਂ ਵੇਖਿਆ ਵੀ ਹੈ ਕਿ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਕਿ ਅੱਗੋਂ ਕੌਣ ਵੱਡਾ ਚਿੰਤਕ ਉਸਦੇ ਸਾਹਵੇਂ ਖੜਿਆ ਹੋਇਆ ਹੈ।
ਇਸਦਾ ਮਤਲਬ ਇਹ ਨਹੀਂ ਕਿ ਉਹ ਆਪਣੀ ਕਵਿਤਾ ਤੇ ਆਪਣੀ ਜ਼ਿੰਦਗੀ ਵਿਚ ਸਿਰਫ਼ ਇਕੋ ਗੁਣ ਬੇਬਾਕੀ ਨਾਲ ਪੇਸ਼ ਹੋਣਾ ਨਾਲ ਹੀ ਵਿਚਰਦਾ ਹੈ, ਨਹੀਂ ਸਗੋਂ ਉਹ ਉਹਨਾਂ ਹੀ ਮੁਹੱਬਤ ਨਾਲ ਭਰਿਆ ਹੋਇਆ ਇਨਸਾਨ ਹੈ। ਉਸਨੂੰ ਇਹ ਬਾਖ਼ੂਬੀ ਪਤਾ ਹੈ ਕਿ ਕਿਸ ਨੂੰ ਕਿਵੇਂ ਮਿਲਣਾ ਹੈ।
ਇਸ ਲਈ ਉਹ ਮੁਹੱਬਤ ਨੂੰ ਖ਼ਾਲੀ ਹੋ ਕੇ ਮਿਲਦਾ ਹੈ ਤੇ ਅਖੌਤੀ ਕ੍ਰਾਂਤੀਕਾਰੀਆਂ ਨੂੰ ਆਪਣੇ ਅੰਦਰਲੇ ਭਰੇ ਵਿਦਰੋਹ ਨਾਲ ।
ਮੈਨੂੰ ਤਾਂ ਉਸ ਤੇ ਉਦੋਂ ਹੈਰਾਨੀ ਹੁੰਦੀ ਹੈ ਜਦੋਂ ਉਹ ਸਰਕਾਰੀ ਢਾਂਚੇ 'ਚ ਫਿੱਟ ਬੈਠੀ ਪੈਸੇ ਕਮਾਉਣ ਵਾਲੀ ਮਸ਼ੀਨ ਤੋਂ ਵੀ ਕਿਤੇ ਅੱਗੇ ਕਵੀ ਦੀਆਂ ਪੈੜਾਂ ਪਕੜ ਲੈਂਦਾ ਹੈ । ਕਿਉਂਕਿ ਅਜੋਕੇ ਯੁਗ ਵਿਚ ਪੈਸੇ ਕਮਾਉਣ ਵਾਲੀ ਮਸ਼ੀਨ ਬਣਨ ਤੋਂ ਬਾਅਦ ਐਨਾ ਸੂਖਮਭਾਵੀ ਤੇ ਸੁਹਜ ਦ੍ਰਿਸ਼ਟੀ ਨਾਲ ਸੋਚਣਾ, ਅਨੁਭਵ ਕਰਨਾ ਤੇ ਫਿਰ ਉਸ ਵਿਚ ਉਤਰ ਜਾਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ ਤੇ ਇਹ ਕਾਰਜ ਉਹ ਸੋਚ ਸਮਝ ਕੇ ਨਹੀਂ ਕਰਦਾ ਸਗੋਂ ਸਹਿਜ ਹੀ ਉਸ ਨਾਲ ਵਾਪਰਦਾ ਪ੍ਰਤੀਤ ਹੁੰਦਾ ਹੈ। ਭਾਵ ਉਹ ਕਵੀ ਬਣਦਾ ਨਹੀਂ ਕਵੀ ਹੁੰਦਾ ਹੈ। ਅਜੋਕੇ ਏ. ਆਈ. ਦੇ ਯੁਗ ਵਿੱਚ ਜਦੋਂ ਉਹ ਲਿਖਦਾ ਹੈ :-
ਤੂੰ ਹਰ ਗੱਲ ਦਾ ਜਵਾਬ
ਗੂਗਲ ਤੋਂ ਨਾ ਲੱਭਿਆ ਕਰ
ਆਖ਼ਿਰ
ਬੰਦਾ ਵੀ ਬੰਦੇ ਦਾ ਦਾਰੂ ਹੁੰਦਾ ਏ ।
ਤਾਂ ਉਹ ਮਨੁੱਖਤਾ ਨੂੰ ਪਹਿਲ ਦਿੰਦਾ ਹੈ। ਮੁਹੱਬਤ ਨੂੰ ਨਸੀਬ ਹੋਣਾ ਲੋਚਦਾ ਹੈ ਕਿਉਂਕਿ ਉਹ ਲਿਖਦਾ ਹੈ ਕਿ :-
ਗੋਰਖਨਾਥ
ਦੁਨੀਆਂ ਦੇ ਗੋਰਖਧੰਦੇ ਵਿਚ
ਲੀਨ ਹੈ
ਤੇ ਮੁਹੱਬਤ ਵਿਲਕ ਰਹੀ ਹੈ
ਅਮਰ ਹੋਣ ਲਈ ।
ਉਸ ਕੋਲ ਕਲਾ ਹੈ ਕਹਾਣੀ ਨੂੰ ਕਵਿਤਾ ਦੇ ਦਾਇਰੇ 'ਚ ਲਿਆ ਕੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ। ਉਸ ਕੋਲ ਹੁਨਰ ਹੈ ਪੁਲ ਤੇ ਦਰਿਆ ਵਿਚਕਾਰਲੇ ਫ਼ਾਸਲੇ ਤੇ ਰੂੰਗੇ ਦੀਆਂ ਰਿਉੜੀਆਂ ਦੀ ਥਾਂ ਗੱਚਕ ਲੈਣ ਜ਼ਿੱਦ ਕਰਨ ਤੇ ਮੂੰਹ ਤੇ ਮਾਂ ਦੁਆਰਾ ਮਾਰੀ ਚਪੇੜ ਰਾਹੀਂ ਇਹ ਸਮਝਣ ਦਾ ਕਿ ਰਿਉੜੀਆਂ ਤੋਂ ਗੱਚਕ ਤੱਕ ਦਾ ਸਫ਼ਰ ਬੜਾ ਲੰਮਾ ਏ । ਉਸਦਾ ਵਿਅੰਗ ਅਸਲੋਂ ਨਿਵੇਕਲਾ ਹੈ ਜੋ ਮਜ਼ਦੂਰ ਤੇ ਕਿਸਾਨ ਵਿਚਕਾਰਲੇ ਪਾੜੇ ਨੂੰ ਬਾਖ਼ੂਬੀ ਪੇਸ਼ ਕਰਦਾ ਹੈ ਤੇ ਗਾਉਣ ਵਾਲੇ ਦੀ ਐਨਕ ਤੇ ਉਂਗਲ ਵੀ ਉਠਾਉਂਦਾ ਹੈ ਕਿ ਉਸ ਦੀ ਨਿਗਾਹ 'ਚ ਟੀਰ ਨਹੀਂ ਤਾਂ ਹੋਰ ਕੀ ਹੈ ਜਿਸ ਨੂੰ ਮੰਡੀ 'ਚ ਰੁਲਦਾ ਕਿਸਾਨ ਤਾਂ ਦਿਸਦਾ ਹੈ ਪਰ ਮਜ਼ਦੂਰ ਨਹੀਂ ਦਿਸਦਾ । ਇਸ ਤਰ੍ਹਾਂ ਉਹ ਕਵੀ ਹੋਣ ਦਾ ਫਰਜ਼ ਹੀ ਨਿਭਾਉਂਦਾ ਸਗੋਂ ਉਸ ਨੂੰ ਪੂਰਾ ਨੇਪਰੇ ਵੀ ਚਾੜ੍ਹਦਾ ਹੈ। ਉਸਦਾ ਇਸ਼ਕ ਉਦੋਂ ਲੋਕਪੱਖੀ ਹੋ ਜਾਂਦਾ ਹੈ ਜਦੋਂ ਉਹ ਆਪਣੀ ਮਹਿਬੂਬ ਨੂੰ ਬੇਦਾਵਾ ਲਿਖਦਾ ਹੋਇਆ ਕਹਿੰਦਾ ਹੈ ਕਿ ਉਹ ਹੁਣ ਆਪਣੀ ਵਿਹਲ ਨੂੰ ਕਿਰਤੀ ਕਿਰਸਾਨ ਤੇ ਦੇਸ਼ ਦੇ ਭਵਿੱਖ ਲਈ ਫ਼ਿਕਰ ਕਰਨ 'ਚ ਲਗਾਵੇਗਾ ਨਾ ਕਿ ਤੇਰੇ ਗਮ 'ਚ ਰੋਣ ਲਈ ਡਿੱਗਦੇ ਹੰਝੂਆਂ ਨੂੰ ਸ਼ਬਦਾਂ 'ਚ ਪਰੋਣ ਲਈ। ਉਸ ਦੀ ਕਵਿਤਾ ਦੀ ਸੂਖਮਤਾ ਇਸ ਕਦਰ ਵੇਖੀ ਜਾ ਸਕਦੀ ਏ :-
ਉਨਾਂ ਦੇ ਚਬੂਤਰੇ ਤੇ ਮੋਰ ਨੇ
ਤੇ ਸਾਡੇ ਕੰਧੋਲੀਆਂ ਤੇ ਮੋਰ ਨੇ !
ਉਨਾਂ ਨੂੰ
ਅਫਸੋਸ ਹੈ ਕਿ
ਮੋਰ ਪੈਲਾਂ ਕਿਉਂ ਨਹੀਂ ਪਾਉਂਦੇ
ਤੇ ਸਾਨੂੰ
ਸਾਨੂੰ ਇਹ ਡਰ ਹੈ ਕਿ
ਮੋਰ ਕਿਤੇ ਉੱਡ ਨਾ ਜਾਣ ।
ਉਸ ਦੀਆਂ ਹੋਰ ਕਵਿਤਾਵਾਂ ਜਨਮ ਭੋਇੰ, ਇਕ ਹੋਰ ਲੂਣਾ, ਕੈਂਡਲ ਲਾਈਟ ਡਿਨਰ, ਉਡਾਣ ਆਦਿ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ।
ਉਹ ਲਿਖਦਾ ਹੈ :-
ਮੁਰਦਾ ਖਾਮੋਸ਼ੀ ਨਾਲ ਭਰੀ ਹੋਈ
ਇਸ ਭੀੜ ਵਿੱਚ
ਜਦ ਕੋਈ
ਮੌਤ ਦੀਆਂ ਅੱਖਾਂ ਵਿਚ
ਅੱਖਾਂ ਪਾ
ਜ਼ਿੰਦਗੀ ਦੀ ਬਾਤ ਪਾਉਂਦਾ ਤਾਂ
ਸੱਚੀਂ
ਇਹ ਧਰਤੀ
ਘੁੰਮਦੀ ਪ੍ਰਤੀਤ ਹੁੰਦੀ ਹੈ ।
ਉਸ ਦੀ ਮੁਹੱਬਤ ਸੱਚੀ ਤੇ ਸੁੱਚੀ ਹੁੰਦਿਆਂ ਪੂਰਨਤਾ ਵੱਲ ਵਧਦੀ ਹੈ ਪਰ ਇਥੇ ਮੈਨੂੰ ਉਸਦੀ ਕਵਿਤਾ ਵਿਚ ਜ਼ਿੱਦ ਵੀ ਜੋ ਰੱਬ ਨਾਲ ਰੋਹ ਭਰੀ ਹੂਕ ਬਣ ਕੇ ਕਵਿਤਾ ਵਿਚ ਉਭਰਦੀ ਹੈ । ਪ੍ਰੰਤੂ ਮੁਹੱਬਤ ਅੰਦਰ ਜ਼ਿੱਦ ਨਹੀਂ ਚੱਲਦੀ ਮੁਹੱਬਤ ਹੋਣ ਦਾ ਨਾਮ ਏ , ਜਾਂ ਆਪਾਂ ਇਸਨੂੰ ਫਿਰ ਇਉਂ ਕਹਿ ਸਕਦੇ ਹਾਂ ਕਿ ਉਹ ਇਸ ਕਦਰ ਮੁਹੱਬਤ ਦਾ ਹੋ ਗਿਆ ਹੈ ਕਿ ਉਸ ਦੀ ਮੁਹੱਬਤ ਦਾ ਨਾਮ ਦਿਲ ਤੋਂ ਹੁਣ ਮਿਟਣ ਵਾਲਾ ਨਹੀਂ ਕਿਉਂਕਿ ਉਹ ਆਪਣੀ ਮੁਹੱਬਤ ਨੂੰ ਆਪਣੀ ਪਹਿਚਾਣ ਬਣਾ ਲੈਂਦਾ ਹੈ , ਹੁਣ ਭਲਾਂ ਪਹਿਚਾਣ ਨੂੰ ਕੌਣ ਮਿਟਾ ਸਕਦੈ ।
ਚੱਲ ਠੀਕ ਹੈ ਜਿਵੇਂ ਕਿ
ਤੂੰ ਆਖਦੀ ਏ
ਉਸ ਰੱਬ ਨੇ
ਮੇਰੇ ਹੱਥਾਂ ਦੀਆਂ ਲਕੀਰਾਂ ਚ
ਤੇਰਾ ਨਾਮ ਨਹੀਂ ਲਿਖਿਆ
ਪਰ ਜੇ ਉਹੀ ਰੱਬ
ਤੇਰੇ ਨਾਮ ਨੂੰ
ਮੇਰੇ ਦਿਲ ਤੋਂ ਮਿਟਾ ਕੇ ਦਿਖਾਵੇ ।
ਇਹ ਜ਼ਿੱਦ ਉਸਦੀ ਮੁਹੱਬਤ ਅੰਦਰ ਹੀ ਨਹੀਂ ਜ਼ਿੰਦਗੀ ਚ ਪਲ਼ ਪਲ਼ ਚੱਲਦੇ ਸੰਘਰਸ਼ ਅੰਦਰ ਵੀ ਵੇਖਣ ਨੂੰ ਮਿਲਦੀ ਹੈ ਤੇ ਉਹ ਅਗਾਂਹਵਧੂ ਸੋਚ ਲੈ ਕੇ ਜ਼ਿੰਦਗੀ ਦੇ ਹਰ ਸੰਘਰਸ਼ ਵਿਚ ਅੱਗੇ ਵੱਧਦਾ ਹੈ।
ਸਮਿਆਂ ਦੀ ਪ੍ਰਵਾਹ ਤਾਂ ਅਸੀਂ ਉਦੋਂ ਵੀ ਨਹੀਂ ਸੀ ਕੀਤੀ
ਜਦੋਂ ਨੰਗੇ ਪੈਰੀਂ ਦੌੜਨ ਦਾ ਨਿਸ਼ਚਾ ਕਰ
ਉਤਾਰ ਦਿੱਤਾ ਸੀ ਪਹਿਲਾ ਪੈਰ ਭੱਖੜੇ ਦੀ ਹਿੱਕ ਚ ।
ਕਾਣੀ ਵੰਡ, ਅਮੀਰ ਗਰੀਬ ਦਾ ਪਾੜਾ , ਜਾਤੀਵਾਦ, ਮਨੁੱਖ ਦਾ ਸੁਆਰਥੀਪਣ , ਪਦਾਰਥਕ ਸੋਚ, ਸਿਸਟਮ ਦਾ ਠੀਕ ਢੰਗ ਨਾਲ ਕੰਮ ਕਰਨਾ, ਮੁਹੱਬਤ, ਉਡੀਕ ,ਆਦਿ ਅਨੇਕਾਂ ਵਿਸ਼ਿਆਂ ਨੂੰ ਸਹਿਜੇ ਹੀ ਤੇ ਨਿਰੋਲ ਯਥਾਰਥਕ ਹਕੀਕਤ ਨੂੰ ਪੇਸ਼ ਕਰਨ ਨਾਲ ਉਹ ਇਕ ਜੁਝਾਰੂ ਸੋਚ ਵਾਲਾ ਕਵੀ ਹੋ ਨਿਬੜਦਾ ਹੈ।
ਅੰਤ 'ਚ ਮੈਂ ਥੋਨੂੰ ਉਸਦੀ ਇਕ ਹੋਰ ਕਵਿਤਾ ਨਾਲ ਇਸ ਖ਼ਲਾਅ ਅੰਦਰ ਛੱਡਦਾ ਹਾਂ ਜਿਸ ਤੋਂ ਉਸਨੇ ਆਪਣੀ ਕਿਤਾਬ ਦਾ ਨਾਮ ਰੱਖਿਆ ਹੈ :-
ਸੰਵੇਦਨਾਵਾਂ ਮਰ ਰਹੀਆਂ ਹਨ
ਭਾਵਨਾਵਾਂ ਡਰ ਰਹੀਆਂ ਹਨ
ਕਵਿਤਾ ਸੰਨਿਆਸੀ ਹੋ
ਦੂਰ ਜਾ ਰਹੀ ਹੈ
ਪਰ ਦਿਲ 'ਚ
ਖ਼ਲਾਅ ਤਾਂ ਹੁਣ ਵੀ ਹੈ... ਹਰਦੀਪ ਸ਼ਿਰਾਜ਼ੀ 9779553972
-
ਹਰਦੀਪ ਸ਼ਿਰਾਜ਼ੀ, writer
kandhariprince@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.