ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਅਤੇ ਰੱਖੜਾ ਪਰਿਵਾਰ ਤੇ ਛਪੀ ਕਿਤਾਬ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਲੋਂ ਰਿਲੀਜ਼
- ਸੁਰਜੀਤ ਸਿੰਘ ਰੱਖੜਾ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਭੇਂਟ ਕੀਤੀ ਮਨੀਸ਼ ਮੀਡੀਆ ਅਮਰੀਕਾ ਵਲੋਂ ਛਾਪੀ ਕਿਤਾਬ 'ਮੇਹਰ'
ਹਰਜਿੰਦਰ ਸਿੰਘ ਜਵੰਦਾ
ਸਮਾਣਾ 21 ਨਵੰਬਰ 2024 - ਦੁਨੀਆਂ ਭਰ ਵਿੱਚ ਮਸ਼ਹੂਰ ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸ ਚਰਨਜੀਤ ਸਿੰਘ ਰੱਖੜਾ ਦੇ ਸਤਿਕਾਰਯੋਗ ਪਿਤਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ ਸਲਾਨਾ ਬਰਸੀ ਮੌਕੇ ਬਾਪੂ ਧਾਲੀਵਾਲ ਅਤੇ ਧਾਲੀਵਾਲ ਭਰਾਵਾਂ ਤੇ ਮਨੀਸ਼ ਮੀਡੀਆ ਅਮਰੀਕਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ 'ਮੇਹਰ' ਰਾਧਾ ਸੁਆਮੀ ਸੰਪਰਦਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਵਲੋਂ ਰਿਲੀਜ਼ ਕੀਤੀ ਗਈ। ਸਰਦਾਰ ਸੁਰਜੀਤ ਸਿੰਘ ਰੱਖੜਾ ਵਲੋਂ ਇਹ ਕਿਤਾਬ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਜੀ ਨੂੰ ਵਿਸ਼ੇਸ਼ ਤੌਰ ਤੇ ਭੇਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿੱਚ ਧਾਲੀਵਾਲ ਪਰਿਵਾਰ ਵੱਲੋਂ ਸਮਾਜ ਲਈ ਕੀਤੀ ਸੇਵਾ, ਕਾਰਜ ਅਤੇ ਪ੍ਰਾਪਤੀਆਂ ਦੀ ਬਾਖ਼ੂਬੀ ਗੱਲ ਕੀਤੀ ਗਈ ਹੈ। ਸ੍ਰ. ਧਾਲੀਵਾਲ ਜਿਨ੍ਹਾਂ ਨੂੰ ਕਿਸਾਨਾਂ ਦੀ ਸੇਵਾ ਲਈ ਭਾਰਤ ਪਹੁੰਚਣ ’ਤੇ ਰੋਕ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਪ੍ਰਵਾਸੀ ਭਾਰਤ ਦਿਵਸ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਧਾਲੀਵਾਲ ਪਰਿਵਾਰ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਿੱਚ ਵੀ ਸਮਾਜ ਸੇਵਾ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ।ਅਮਰੀਕਾ ਵਿੱਚ ਭਾਰਤੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ, ਉੱਥੇ ਜਾਣ ਵਾਲੇ ਲੋਕਾਂ ਨੂੰ ਕੰਮ ਮੁਹੱਈਆ ਕਰਵਾਉਣ, ਨੌਜਵਾਨ ਲੜਕੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਹੋਰ ਕਈ ਕੰਮਾਂ ਕਰਕੇ ਧਾਲੀਵਾਲ ਪਰਿਵਾਰ ਦਾ ਨਾਂ ਸਮਾਜ ਸੇਵਾ ਵਿੱਚ ਪਹਿਲੀ ਕਤਾਰ ਵਿੱਚ ਆਉਂਦਾ ਹੈ। ਇਸ ਮੌਕੇ ਮਨੀਸ਼ ਮੀਡੀਆ ਦੇ ਚੇਅਰਮੈਨ ਚੰਦ ਮੱਲ ਕੁਮਾਵਤ, ਡਾਇਰੈਕਟਰ ਅਭਿਸ਼ੇਕ ਕੁਮਾਰ, ਚੜ੍ਹਦੀਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ, ਪ੍ਰੀਤ ਕੰਬਾਈਨ ਟਰੈਕਟਰ ਦੇ ਚੇਅਰਮੈਨ ਹਰੀ ਸਿੰਘ, ਸੀਨੀਅਰ ਪੱਤਰਕਾਰ ਹਰਦੀਪ ਕੌਰ ਹਾਜ਼ਰ ਸਨ।