ਚੋਣ ਡਿਊਟੀ ਤੋਂ ਵਾਪਸ ਪਰਤੇ ਦੋਸਤ ਨੂੰ ਘਰ ਬੁਲਾ ਕੇ ਪਹਿਲਾਂ ਇਕੱਠਿਆਂ ਪੀਤੀ ਸ਼ਰਾਬ ਤੇ ਫਿਰ ਕਰਤਾ ਕਤਲ
ਰੋਹਿਤ ਗੁਪਤਾ
ਗੁਰਦਾਸਪੁਰ 20 ਨਵੰਬਰ 2024 - ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਅਧੀਨ ਪੈਂਦੇ ਪਿੰਡ ਧਰਮਕੋਟ ਪੱਤਣ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਨੂੰ ਉਸਦੇ ਦੋਸਤ ਵਲੋਂ ਹੀ ਘਰ ਬੁਲਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਦਾ ਵੇਖ ਅੱਜ ਵੱਡੀ ਤਾਦਾਦ ਵਿੱਚ ਪਿੰਡ ਵਾਸੀਆਂ ਨੇ ਪੁਲੀਸ ਚੌਂਕੀ ਧਰਮਕੋਟ ਰੰਧਾਵਾ ਦਾ ਘਿਰਾਓ ਕੀਤਾ ਗਿਆ ਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਵਿਰੁੱਧ ਸਵਾਲੀਆ ਚਿੰਨ ਖੜੇ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੀ ਮਾਤਾ ਰੋਜੀ ਨੇ ਦੱਸਿਆ ਕਿ ਮੇਰਾ ਬੇਟਾ ਸਚਿਨ ਮਸੀਹ ਪੁੱਤਰ ਬੱਗਾ ਮਸੀਹ ਜੋ ਕਿ ਪੀਡਬਲੂਡੀ ਵਿਭਾਗ ਵਿੱਚ ਮੁਲਾਜ਼ਮ ਹੈ ਤੇ ਉਹ ਆਪਣੀਆਂ ਸੇਵਾਵਾਂ ਗੁਰਦਾਸਪੁਰ ਵਿਖੇ ਨਿਭਾ ਰਿਹਾ ਸੀ ਤੇ ਬੀਤੇ ਕੱਲ ਉਸ ਦੇ ਝੰਗੀ ਪਿੰਡ ਦੇ ਦੋਸਤਾਂ ਵੱਲੋਂ ਘਰ ਬੁਲਾ ਕੇ ਉਸ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਸ ਨੂੰ ਖੁਦ ਆਪ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਲੈ ਕੇ ਗਏ ਤੇ ਉਸ ਦੇ ਫੋਨ ਤੋਂ ਮੈਨੂੰ ਫੋਨ ਕੀਤਾ ਕਿ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਸੀਂ ਤੁਰੰਤ ਅੰਮ੍ਰਿਤਸਰ ਜਾ ਕੇ ਦੇਖਿਆ ਉਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਕੀ ਧਰਮਕੋਟ ਵਿੱਚ ਰਿਪੋਰਟ ਦਰਜ ਕਰਵਾਈ ਹੈ ਪਰ ਪੁਲਿਸ ਦੋਸ਼ੀਆਂ ਦਾ ਕਾਰਵਾਈ ਕਰਨ ਦੀ ਬਜਾਏ ਟਾਲਮਟੋਲ ਕਰ ਰਹੈ ਹੈ ਜਿਸ ਨੂੰ ਲੈ ਕੇ ਅੱਜ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦਾ ਘਰਾਓ ਕੀਤਾ ਗਿਆ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਮਰਜੀਤ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਦੀ ਮਾਤਾ ਰੋਜੀ ਤੇ ਬਿਆਨਾਂ ਦੇ ਅਧਾਰ ਤੇ ਦੋ ਵਿਅਕਤੀਆਂ ਦੇ ਖਿਲਾਫ ਕਤਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਤਫਦੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।