ਨਵੀਂ ਦਿੱਲੀ, 12 ਦਸੰਬਰ 2019 - ਤੇਲੰਗਾਨਾ ’ਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਚਾਰੇ ਮੁਲਜ਼ਮਾਂ ਮੁਹੰਮਦ ਆਰਿਫ਼, ਜੋਲੂ ਸ਼ਿਵਾ, ਜੋਲੂ ਨਵੀਨ ਤੇ ਚਿੰਤਾਕੁੰਤਾ ਚੇਨਾਕੇਸ਼ਵੁੱਲੂ ਦੇ ਇੱਕ ਪੁਲਿਸ ਮੁਕਾਬਲੇ ’ਚ ਮਾਰੇ ਜਾਣ ਦੀ ਘਟਨਾ ਦੀ ਜਾਂਚ ਲਈ ਤਿੰਨ–ਮੈਂਬਰੀ ਨਿਆਂਇਕ ਜਾਂਚ ਦਾ ਹੁਕਮ ਦਿੱਤਾ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀਐੱਸ ਸਿਰਪੁਰਕਰ ਕਰਨਗੇ। ਦੇਸ਼ ਦੀ ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਇਸ ਅਦਾਲਤ ਦੇ ਅਗਲੇ ਹੁਕਮ ਤੱਕ ਕੋਈ ਹੋਰ ਅਦਾਲਤ ਜਾਂ ਅਥਾਰਟੀ ਇਸ ਮਾਮਲੇ ’ਚ ਪੁੱਛਗਿੱਛ ਨਹੀਂ ਕਰੇਗੀ।
ਸੁਪਰੀਮ ਕੋਰਟ ਨੇ ਕੱਲ੍ਹ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੂੰ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਚੀਫ਼ ਜਸਟਿਸ ਐੱਸਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਅਸੀਂ ਇਸ ਤੱਥ ਪ੍ਰਤੀ ਸੁਚੇਤ ਹਾਂ ਕਿ ਤੇਲੰਗਾਨਾ ਹਾਈ ਕੋਰਟ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ।
ਬੈਂਚ ਨੇ ਕਿਹਾ ਕਿ 'ਸੁਪਰੀਮ ਕੋਰਟ ਸਿਰਫ਼ ਇਹੋ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਦੇ ਦਿੱਲੀ ਵਿਖੇ ਰਹਿਣ ਵਾਲੇ ਕਿਸੇ ਸਾਬਕਾ ਜੱਜ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਸਾਡਾ ਪ੍ਰਸਤਾਵ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਜੱਜ ਨੂੰ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਕਰਨ ਦਾ ਹੈ। ਉਹ ਜੱਜ ਦਿੱਲੀ ’ਚ ਰਹਿ ਕੇ ਕੰਮ ਕਰੇਗਾ।'