ਨਵੀਂ ਦਿੱਲੀ, 18 ਜਨਵਰੀ 2020 - ਟਕਸਾਲੀਆਂ ਵੱਲੋਂ ਅੱਜ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ 'ਚ 'ਸਫ਼ਰ -ਏ- ਅਕਾਲੀ' ਪ੍ਰੋਗਰਾਮ ਹੇਠ ਭਾਰੀ ਇਕੱਠ ਕੀਤਾ ਗਿਆ ਜਿਸ 'ਚ ਮਨਜੀਤ ਜੀ.ਕੇ , ਪਰਮਜੀਤ ਸਰਨਾ ਤੋਂ ਇਲਾਵਾ ਪੰਜਾਬ ਤੋਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਦਾਦੂਵਾਲ, ਬਲਵੰਤ ਸਿੰਘ ਰਾਮੂਵਾਲੀਆ, ਪਰਮਿੰਦਰ ਢੀਂਡਸਾ ਸਣੇ ਟਕਸਾਲੀ ਆਗੂ ਮੌਜੂਦ ਹਨ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਅਕਾਲੀ ਦਲ ਕਿਸੇ ਵਿਅਕਤੀ ਦੀ ਜਗੀਰ ਨਹੀਂ, ਇਹ ਇੱਕ ਸੋਚ ਤੇ ਇੱਕ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਦੁਨੀਆ 'ਚ ਬੈਠੇ ਬਹੁਤ ਲੋਕ ਇਸਦੀ ਸੋਚ ਨਾਲ ਜੁੜੇ ਹਨ। ਭਾਵੇਂ ਅਕਾਲੀਦਲ ਨਾਂਅ ਦੀ ਪਾਰਟੀ 'ਚੋਂ ਕਿਸੇ ਨੂੰ ਬਾਹਰ ਕੱਢ ਦਿੱਤਾ ਜਾਏ, ਪਰ ਉਸ ਸੋਚ ਨੂੰ ਕੋਈ ਬਾਹਰ ਨਹੀਂ ਕੱਢ ਸਕਦਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਜੋ ਸਿੱਖ ਕੌਮ ਨੂੰ ਦੇਣ ਹੈ ਤੇ ਜਿੰਨੀਆਂ ਵੱਡੀਆਂ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਨੇ, ਉਸਦੀ ਮਿਸਾਲ ਦੁਨਿਆ 'ਚ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪਰ ਅੱਜ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟਕ ਗਿਆ ਅਤੇ ਸਿਰਫ ਸੱਤਾ ਤੱਕ ਸੀਮਤ ਰਹਿ ਚੁੱਕਾ ਹੈ। ਢੀਂਡਸਾ ਨੇ ਕਿਹਾ ਕਿ ਜਿਵੇਂ ਇੱਕ ਵੱਡੇ ਦਰੱਖਤ ਦੀਆਂ ਜਦੋਂ ਜੜ੍ਹਾਂ ਸੁੱਕ ਜਾਣ, ਤਾਂ ਉਸਨੂੰ ਡਿੱਗਣ 'ਚ ਸਮਾਂ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਵੀ ਅੱਜ ਇਸ ਦਰੱਖਤ ਜਿਹੀ ਸਥਿਤੀ ਹੈ ਅਤੇ ਜੋ ਅੱਜ ਆਪਣੇ ਸਿਧਾਂਤਾਂ ਤੋਂ ਭਟਕ ਗਿਆ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਰਲ ਕੇ ਇਕੱਠੇ ਚੱਲਣ ਦੀ। ਉਨ੍ਹਾਂ ਕਿਹਾ ਕਿ ਉਹ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਨੂੰ ਵਧਾਈ ਦਿੰਦੇ ਹਨ ਕਿ ਉਨ੍ਹਾਂ ਨੇ ਦੋਹਾਂ ਦੀਆਂ ਪੁਰਾਣੀਆਂ ਸਾਰੀਆਂ ਗੱਲਾਂ ਭੁਲਾ ਕੇ ਅੱਜ ਇਹ ਸਮਾਗਮ ਕਰਾਇਆ। ਢੀਂਡਸਾ ਨੇ ਕਿਹਾ ਕਿ ਪੰਜਾਬ 'ਚ ਵੀ ਲੋਕ ਸ਼੍ਰੋਮਣੀ ਅਕਾਲੀ ਦੀ ਮੌਜੂਦਾ ਸਥਿਤੀ ਤੋਂ ਬਹੁਤ ਦੁਖੀ ਹਨ ਤੇ ਲੋਕ ਘਰ ਬੈਠ ਗਏ ਹਨ ਪਰ ਟਕਸਾਲੀਆਂ ਦੇ ਇਕੱਠੇ ਹੋਣ ਮਗਰੋਂ ਹੁਣ ਫੇਰ ਇਹ ਆਸ ਜਗੀ ਹੈ। ਉਨ੍ਹਾਂ ਕਿਹਾ ਕਿ ਅੱਜ ੧੦੦ ਸਾਲਾਂ ਬਾਅਦ ਸਾਨੂੰ ਮੌਕਾ ਮਿਲਿਆ ਕਿ ਬਜ਼ੁਰਗਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਸੋਚ 'ਤੇ ਚੱਲ ਕੇ ਸਿੱਖ ਕੌਮ ਦੀ ਅਗਵਾਈ ਕਰ ਸਕੀਏ ਤੇ ਜਿਸ ਲਈ ਆਪਣੇ ਸਾਰੇ ਆਪਸੀ ਮਤਭੇਦ ਪਿੱਛੇ ਛੱਡ ਕੇ ਇਕੱਠੇ ਚੱਲਣਾ ਹੈ। ਇਸ ਮੌਕੇ ਹੋਰਨਾਂ ਟਕਸਾਲੀਆਂ ਆਗੂਆਂ ਸਣੇ ਭਾਰੀ ਗਿਣਤੀ 'ਚ ਲੋਕ ਮੌਜੂਦ ਰਹੇ।