Chandigarh Breaking: 33 ਸੈਕਟਰ ਬੇਸਮੈਂਟ ਮਾਮਲੇ 'ਚ ਠੇਕੇਦਾਰ ਸੰਦੀਪ ਖੁੱਲਰ ਭਗੌੜਾ, FIR ਦਰਜ
ਚੰਡੀਗੜ੍ਹ 22 ਨਵੰਬਰ 2024- ਸੈਕਟਰ-33ਏ ਸਥਿਤ ਮਕਾਨ ਨੰਬਰ 332 ਨੇੜੇ ਦੋ ਕਨਾਲ ਦੇ ਪਲਾਟ ’ਤੇ ਬੇਸਮੈਂਟ ਦੀ ਖੁਦਾਈ ਦੌਰਾਨ ਵੱਡਾ ਹਾਦਸਾ ਟਲ ਗਿਆ ਪਰ ਨਾਲ ਲੱਗਦੇ ਮਕਾਨ ਦਾ ਕਾਫੀ ਨੁਕਸਾਨ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਠੇਕੇਦਾਰ ਖ਼ਿਲਾਫ਼ ਧਾਰਾ 290, 125, 324(3), 324(5), 3(5) ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ, ਨਾਜਾਇਜ਼ ਖੁਦਾਈ ਕਾਰਨ ਵਾਪਰੇ ਹਾਦਸੇ ਨੇ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਲਾਪ੍ਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਮਕਾਨ ਨੰਬਰ 332 ਨੇੜੇ ਚਾਰ ਮਹੀਨਿਆਂ ਤੋਂ ਚੱਲ ਰਹੀ ਨਾਜਾਇਜ਼ ਖੁਦਾਈ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਾਰਨ ਤਿੰਨ ਦਰੱਖਤ ਡਿੱਗ ਗਏ।
ਇਹ ਘਟਨਾ ਮੰਗਲਵਾਰ ਰਾਤ 10 ਵਜੇ ਵਾਪਰੀ, ਜਿਸ ਕਾਰਨ ਸਥਾਨਕ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਕਿਸੇ ਵੱਡੇ ਹਾਦਸੇ ਦਾ ਸੰਕੇਤ ਦਿੰਦੀ ਹੈ।
ਘਟਨਾ ਤੋਂ ਬਾਅਦ 332 ਮਕਾਨ ਮਾਲਕ ਕਰਨਜੀਤ ਸਿੰਘ ਨੇ ਤੁਰੰਤ ਕੰਟਰੋਲ ਰੂਮ ਅਤੇ ਇਲਾਕਾ ਕੌਂਸਲਰ ਅੰਜੂ ਕਤਿਆਲ ਨੂੰ ਸੂਚਨਾ ਦਿੱਤੀ। ਗੁਆਂਢੀਆਂ ਨੇ ਇਸ ਮਾਮਲੇ ਵਿੱਚ ਠੇਕੇਦਾਰ ਦੀ ਅਣਗਹਿਲੀ ਦਾ ਦੋਸ਼ ਲਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਉਸਾਰੀ ਬਿਨਾਂ ਮਨਜ਼ੂਰੀ ਦੇ ਚੱਲ ਰਹੀ ਸੀ। ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ ’ਤੇ ਨਾਰਾਜ਼ਗੀ ਪ੍ਰਗਟਾਈ।
ਪੀੜਤ ਵੱਲੋਂ ਠੇਕੇਦਾਰ ਸੰਦੀਪ ਖੁੱਲਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਠੇਕੇਦਾਰ 20 ਫੁੱਟ ਤੋਂ ਵੱਧ ਨਾਜਾਇਜ਼ ਖੁਦਾਈ ਕਰ ਰਿਹਾ ਹੈ, ਉਹ ਵੀ ਬਿਨਾਂ ਐਨ.ਓ.ਸੀ. ਤੋਂ। ਇਸ ਨਾਲ ਉਸਦੇ ਘਰ ਦੀ ਨੀਂਹ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਹ ਹੁਣ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ, ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਹੁਣ ਉਨ੍ਹਾਂ ਦੇ ਘਰ ਦੀ ਨੀਂਹ ਸੁਰੱਖਿਅਤ ਨਹੀਂ ਹੈ ਅਤੇ ਉਨ੍ਹਾਂ ਨੂੰ ਹੋਟਲ ਵਿੱਚ ਰਹਿਣਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਠੇਕੇਦਾਰ ਖ਼ਿਲਾਫ਼ ਸੰਦੀਪ ਖੁੱਲਰ ਧਾਰਾ 290, 125, 324(3), 324(5), 3(5) ਤਹਿਤ ਕੇਸ ਦਰਜ ਕਰ ਲਿਆ ਹੈ। ਠੇਕੇਦਾਰ ਫਿਲਹਾਲ ਫਰਾਰ ਹੈ।