-ਮੁੱਖ ਮੰਤਰੀ ਦੀ ਤਰਫੋ ਕੈਬਨਿਟ ਮੰਤਰੀ ਧਰਮਸੋਤ ਨੇ ਸ਼ਹੀਦ ਮਨਦੀਪ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ
-ਸ਼ਹੀਦ ਮਨਦੀਪ ਸਿੰਘ ਨੂੰ ਪਿੰਡ ਸੀਲ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
-ਭਾਰਤੀ ਫ਼ੌਜ ਨੇ ਦਿੱਤੀ ਸਲਾਮੀ, ਜੈਕਾਰਿਆਂ ਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਅਸਮਾਨ ਗੂੰਜਿਆ
-ਫ਼ੌਜੀ ਅਧਿਕਾਰੀਆਂ ਨੇ ਮਨਦੀਪ ਸਿੰਘ ਦੇ ਤਾਬੂਤ 'ਤੇ ਲਿਪਟਿਆ ਤਿਰੰਗਾ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ
-ਸ਼ਹੀਦ ਦੀ ਮਾਤਾ, ਧਰਮਪਤਨੀ ਅਤੇ ਬੱਚਿਆਂ ਨੇ ਸ਼ਹੀਦ ਨੂੰ ਸਲਾਮੀ ਦੇ ਕੇ ਦੇਸ਼ ਦੇ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸ਼ਜਦਾ ਕੀਤਾ
ਕੁਲਵੰਤ ਸਿੰਘ ਬੱਬੂ
ਰਾਜਪੁਰਾ/ਘਨੌੌੌਰ, 18 ਜੂਨ 2020 - ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਭਾਰਤੀ ਫ਼ੌਜ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਤਾਬੂਤ ਪਟਿਆਲਾ ਦੇ ਮਿਲਟਰੀ ਏਰੀਆ ਤੋਂ ਪੂਰੇ ਫ਼ੌਜੀ ਸਨਮਾਨਾਂ ਸਹਿਤ 'ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ' ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਇੱਕ ਕਾਫ਼ਲੇ ਦੇ ਰੂਪ 'ਚ ਪਿੰਡ ਸੀਲ ਵਿਖੇ ਲਿਆਂਦਾ ਗਿਆ। ਸ਼ਹੀਦ ਮਨਦੀਪ ਸਿੰਘ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਮੁੱਠਭੇੜ 'ਚ ਹੋਰ ਭਾਰਤੀ ਫ਼ੌਜੀਆਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ ਸਨ।
ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਪਿੰਡ ਸੀਲ ਦੇ ਸਮਸ਼ਾਨਘਾਟ ਵਿਖੇ ਮਾਹੌਲ ਉਸ ਵੇਲੇ ਭਾਵੁਕਤਾ ਨਾਲ ਭਰ ਗਿਆ ਜਦੋਂ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਪੁੱਤਰ ਜੋਬਨਪ੍ਰੀਤ ਸਿੰਘ ਨੇ ਦਿਖਾਈ।
ਸ਼ਹੀਦ ਆਪਣੀ ਬਿਰਧ ਮਾਤਾ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਪੁੱਤਰ ਜੋਬਨਪ੍ਰੀਤ ਸਿੰਘ ਅਤੇ ਪੁੱਤਰੀ ਮਹਿਕਪ੍ਰੀਤ ਕੌਰ, ਤਿੰਨ ਭੈਣਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੰਤਿਮ ਸਸਕਾਰ ਤੋਂ ਪਹਿਲਾਂ ਸ਼ਹੀਦ ਦੀ ਮਾਤਾ, ਧਰਮਪਤਨੀ ਅਤੇ ਬੱਚਿਆਂ ਨੇ ਸ਼ਹੀਦ ਨੂੰ ਸਲਿਊਟ ਨਾਲ ਸਲਾਮੀ ਦੇ ਕੇ ਦੇਸ਼ ਦੇ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸ਼ਜਦਾ ਕੀਤਾ।
ਇਸ ਤੋਂ ਪਹਿਲਾਂ ਮ੍ਰਿਤਕ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਿਖੇ ਲਿਜਾਇਆ ਗਿਆ, ਜਿੱਥੇ ਉਸਦੇ ਦਸਤਾਰ ਬੰਨ੍ਹੀ ਗਈ। ਇਸ ਤੋਂ ਬਾਅਦ ਪਿੰਡ ਦੀ ਧਰਮਸ਼ਾਲਾ ਵਿਖੇ ਪਿੰਡ ਅਤੇ ਇਲਾਕੇ ਦੇ ਵੱਡੀ ਗਿਣਤੀ ਵਸਨੀਕਾਂ ਵੱਲੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਸ਼ਹੀਦ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼ਹੀਦ ਦੇ ਫੁੱਲ ਚੁਗਣ ਦੀ ਰਸਮ ਪਿੰਡ ਸੀਲ ਦੇ ਸਮਸ਼ਾਨ ਘਾਟ ਵਿਖੇ 19 ਜੂਨ ਨੂੰ ਸਵੇਰੇ 9 ਵਜੇ ਹੋਵੇਗੀ।
ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਭਾਰਤੀ ਸੈਨਾ, 3 ਮੀਡੀਅਮ ਆਰਟਲਰੀ, ਜਿਸ 'ਚ ਕਿ ਸ਼ਹੀਦ ਸੇਵਾ ਨਿਭਾ ਰਿਹਾ ਸੀ, ਦੇ ਸੂਬੇਦਾਰ ਲਖਵਿੰਦਰ ਸਿੰਘ ਅਤੇ ਹੋਰ ਫ਼ੌਜੀ ਅਧਿਕਾਰੀਆਂ ਨੇ ਭਾਵੁਕਤਾ ਭਰੇ ਮਾਹੌਲ 'ਚ ਸ਼ਹੀਦ ਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਅਤੇ ਬੱਚਿਆਂ ਨੂੰ ਸੌਂਪਕੇ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਭਾਰਤੀ ਫ਼ੌਜ ਦੇ ਮੁਖੀ ਦੀ ਤਰਫ਼ੋਂ ਪਟਿਆਲਾ ਬ੍ਰਿਗੇਡ ਦੇ ਬ੍ਰਿਗੇਡੀਅਰ ਸ੍ਰੀ ਅਤੁਲ ਭੱਟ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਾਰਮੋਸਤ ਨੇ ਸ਼ਹੀਦ ਦੀ ਦੇਹ 'ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਾਜ ਕੁਮਾਰ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ। ਇਸ ਤੋਂ ਇਲਾਵਾ ਟੂ ਕੋਰ ਕਮਾਂਡਰ ਅੰਬਾਲਾ ਦੀ ਤਰਫ਼ੋਂ ਕਰਨਲ ਉਠੱਈਆ, ਵਨ ਆਰਮਡ ਡਵੀਜਨ ਪਟਿਆਲਾ ਦੇ ਜੀਓਸੀ ਦੀ ਤਰਫ਼ੋਂ ਕਰਨਲ ਮੋਹਿਤ ਚੋਪੜਾ, ਸਟੇਸ਼ਨ ਕਮਾਂਡਰ ਪਟਿਆਲਾ ਦੀ ਤਰਫ਼ੋਂ ਸੂਬੇਦਾਾਰ ਮੈਨਪਾਲ ਸਿੰਘ ਨੇ ਰੀਥਾਂ ਰੱਖੀਆਂ।
ਜਦੋਂਕਿ ਹਲਕਾ ਘਨੌਰ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਧਾਇਕ ਸ੍ਰੀ ਅਰੁਣ ਨਾਰੰਗ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਗਗਨਦੀਪ ਸਿੰਘ ਜਲਾਲਪੁਰ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. ਹਰਮੀਤ ਸਿੰਘ ਹੁੰਦਲ, ਐਸ.ਡੀ.ਐਮ. ਸ. ਖੁਸ਼ਦਿਲ ਸਿੰਘ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ ਤੇ ਤਹਿਸੀਲਦਾਰ ਹਰਸਿਮਰਨ ਸਿੰਘ, ਸ. ਹਰਿੰਦਰਪਾਲ ਸਿੰਘ ਹੈਰੀਮਾਨ ਦੀ ਤਰਫ਼ੋਂ ਚੇਅਰਮੈਨ ਸ੍ਰੀ ਅਸ਼ਵਨੀ ਬੱਤਾ, ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ, ਪਿੰਡ ਸੀਲ ਦੀ ਤਰਫ਼ੋਂ ਸਰਪੰਚ ਲਖਬੀਰ ਸਿੰਘ ਤੇ ਈ.ਓ. ਖੰਨਾ ਰਣਬੀਰ ਸਿੰਘ ਨੇ ਵੀ ਰੀਥਾਂ ਰੱਖਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਅੰਤਿਮ ਸਸਕਾਰ ਮੌਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅੰਤਿਮ ਅਰਦਾਸ ਕੀਤੀ ਅਤੇ ਕੀਰਤਨ ਸੋੇਹਿਲਾ ਦੀ ਬਾਣੀ ਦਾ ਪਾਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਬਹਾਦਰਗੜ੍ਹ ਸਾਹਿਬ ਦੇ ਹੈਡਗੰਥੀ ਗਿਆਨੀ ਅਵਤਾਰ ਸਿੰਘ ਨੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿਮ ਕਮੇਟੀ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਗੜ੍ਹੀ ਅਤੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੋਸ਼ਾਲਾ ਭੇਂਟ ਕੀਤਾ।
ਇਸ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਦੀ ਧਰਮ ਪਤਨੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਜਦੋਂਕਿ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਹੈ। ਸ. ਧਰਮਸੋਤ ਨੇ ਅਰਦਾਸ ਕੀਤੀ ਕਿ ਪਰਮਾਤਮਾ ਸ਼ਹੀਦ ਮਨਦੀਪ ਸਿੰਘ ਨੂੰ ਆਪਣੇ ਚਰਨਾ 'ਚ ਨਿਵਾਸ ਦੇਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ। ਇਸ ਦੌਰਾਨਸ਼ਹੀਦ ਦੇ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਦੇ ਵਸਨੀਕ ਤੇ ਹੋਰ ਪਤਵੰਤੇ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ।
ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਅੰਤਮ ਸਸਕਾਰ ਮੌਕੇ ਇਸ ਮੌਕੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਸ. ਬਲਜੀਤ ਸਿੰਘ ਗਿੱਲ, ਵਾਇਸ ਚੇਅਰਮੈਨ ਰਾਮ ਸਿੰਘ ਸੀਲ, ਚੇਅਰਮੈਨ ਬਲਾਕ ਸੰਮਤੀ ਜਗਦੀਪ ਸਿੰਘ ਚਪੜ ਅਤੇ ਭਾਰਤੀ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਆਮ ਲੋਕਾਂ ਵੱਲੋਂ ਸ਼ਹੀਦ ਨੂੰ ''ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ, ਦੇਸ਼ ਭਗਤੀ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ'' ਦੇ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।