ਆੜ੍ਹਤੀਆਂ ਵਰਗਾ ਦਿਲਦਾਰ ਸਾਹਿਤਕਾਰ ਰਮੇਸ਼ ਸੇਠੀ ਬਾਦਲ
"ਦੱਸ ਸ਼ੌਕ ਦਾ ਕਾਹਦਾ ਮੁੱਲ ਬੀਬਾ,
ਖਾ -ਖਰਚ ਕੇ ਜਾਈਏ ਭੁੱਲ ਬੀਬਾ।"
ਜਦੋਂ ਵੀ ਅਸੀਂ ਅੱਜ ਦੇ ਤੇਜ਼ ਤਰਾਰ ਯੁੱਗ 'ਚ ਆਸੇ ਪਾਸੇ ਨਿਗ੍ਹਾ ਮਾਰਦੇ ਹਾਂ ਤਾਂ ਇਉਂ ਲਗਦਾ ਹੈ ਜਿਵੇਂ ਜੀਵਨ ਮੜ੍ਹਕਦਾ ਨਹੀਂ ਬਲਕਿ ਅੰਨ੍ਹੇਵਾਹ ਦੌੜ ਰਿਹਾ ਹੋਵੇ। ਅਜੋਕੇ ਦੌਰ ਵਿੱਚ ਹਰ ਇਕ ਦੇ ਆਪਣੇ ਮਸਲੇ, ਆਪਣੀਆਂ ਸਮੱਸਿਆਵਾਂ, ਆਪਣੀਆਂ ਵਿਤੋਂ ਬਾਹਰ ਖਾਹਿਸ਼ਾਂ, ਔਖੇ ਟੀਚੇ ਅਤੇ ਤਰਜੀਹਾਂ ਹਨ । ਜਿਹਨਾਂ ਨੂੰ ਹੱਲ ਕਰਨ ਜਾ ਪੂਰਨ ਕਰਨ ਹਿੱਤ ਮਨੁੱਖ ਪੂਰੀ ਤਰ੍ਹਾਂ ਰੁਝਿਆ ਹੀ ਨਹੀਂ ਸਗੋਂ ਬੁਰੀ ਤਰ੍ਹਾਂ ਫਸਿਆ ਜਾਪਦਾ ਹੈ। ਕਿਸੇ ਕੋਲ ਸਮਾਂ ਨਹੀ ਦੂਜੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕਰ ਲਵੇ, ਹਰ ਪਾਸੇ ਇਕ ਦੌੜ ਹੈ, "ਦੌੜ ਉਹ ਵੀ ਅਸਲੋਂ ਅੰਨ੍ਹੀ ..ਜਿਸ ਵਿੱਚ ਅੱਜ ਤੱਕ ਕੋਈ ਜਿੱਤਿਆ ਨਹੀਂ"। ਅੱਜ ਦੇ ਤਰੱਕੀ-ਦੌਰ ਵਿਚ ਬੜਾ ਕੁਝ ਬਦਲ ਰਿਹਾ, ਅਸਾਡਾ ਖਾਣ-ਪੀਣ, ਪਹਿਣਨ -ਪਚਰਣ, ਰਹਿਤਲ, ਸੱਭਿਆਚਾਰ ਇੱਥੋਂ ਤੱਕ ਮਨੁੱਖੀ ਕਿਰਦਾਰ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਅਜਿਹੇ ਦੌਰ ਅੰਦਰ ਸਮਾਜਕ ਚਿੰਤਕਾਂ, ਸਮਾਜ-ਸੇਵੀਆਂ ਜਾਂ ਲੋਕ ਮਨਾਂ ਦੀ ਤਰਜਮਾਨੀ ਕਰਨ ਵਾਲਿਆਂ ਦੀ ਘਾਟ ਜਰੂਰ ਮਹਿਸੂਸ ਹੁੰਦੀ ਹੈ। ਐਪਰ ਇਹ ਵੀ ਨਹੀਂ ਕਿ ਉਹਨਾਂ ਦੀ ਮੌਜੂਦਗੀ ਦੀ ਆਸ ਉੱਕਾ ਹੀ ਨਾ ਰਹੀ ਹੋਵੇ। ਬਹੁਤ ਇਨਸਾਨ ਅਜੇ ਵੀ ਸਮਾਜ ਵਿਚ ਅਜਿਹੇ ਹਨ ਜੋ ਹਮਦਰਦ, ਜਿੰਦਾ-ਦਿਲ ਤੇ ਰੂਹਦਾਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ। ਬੇਸ਼ੱਕ ਉਹ ਵਿਰਲੇ -ਵਿਰਲੇ ਹੀ ਨੇ।ਜਿਹਨਾਂ ਕਰਕੇ ਸਮੁੱਚਾ ਜੀਵਨ ਰਸੀਲਾ ਤੇ ਮਾਣਨਯੋਗ ਬਣਿਆ ਹੋਇਆ ਹੈ।
'ਅਜੋਕੇ ਦੌਰ ਅੰਦਰ ਹਨ ਸਭ ਦੇ ਆਪਣੇ ਮਸਲੇ'
ਕਰੀਏ 'ਜੀਤ ' ਆਪਾਂ ਹੱਲ ਕਿਸੇ ਬੇਹਾਲ ਦਾ ਮਸਲਾ।,
ਜਦੋਂ ਅਸੀਂ ਅਜਿਹੇ ਉਂਗਲਾਂ ਤੇ ਗਿਣਨਯੋਗ ਸਮਾਜਿਕ ਚਿੰਤਕਾਂ, ਲੇਖਕਾਂ , ਸਾਹਿਤ ਪ੍ਰੇਮੀਆਂ, ਲੋਕ ਹਿਤੈਸ਼ੀ ਅਤੇ ਰੰਗਲੇ ਸਾਥੀਆਂ ਦੀ ਸ਼ਖਸੀਅਤ ਤੇ ਚਰਚਾ ਕਰਦੇ ਹਾਂ ਤਾਂ ਸ੍ਰੀ ਰਮੇਸ਼ ਸੇਠੀ ਬਾਦਲ ਦਾ ਨਾਮ ਬਦੋਬਦੀ ਜੁਬਾਨ ਤੇ ਆ ਜਾਂਦਾ ਹੈ। ਲੇਖਕ ਵਜੋਂ ਉਹ ਕਹਾਣੀਕਾਰ ਅਤੇ ਉੱਘਾ ਕਾਲਮ-ਨਵੀਸ ਹੈ ਪਰ ਕਦੇ ਕਦੇ ਕਵਿਤਾ ਤੇ ਵੀ ਕਲਮ ਅਜਮਾ ਲੈਂਦਾ ਹੈ।ਉਹ ਸਾਹਿਤਕ ਮਹਿਫਲਾਂ ਦਾ ਰਸੀਲਾ ਤੇ ਮੌਜੀ ਮੇਜਬਾਨ ਹੈ। ਉਹ ਉੱਤਮ ਦਰਜੇ ਦਾ ਸਾਹਿਤ ਰਸੀਆ ਹੈ ।
ਜੇ ਰਮੇਸ਼ ਸੇਠੀ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਮੁਕਤਸਰ ਜਿਲ੍ਹੇ ਵਿਚ, ਹਰਿਆਣੇ ਅਤੇ ਰਾਜਸਥਾਨ ਦੀਆਂ ਹੱਦਾਂ ਨਾਲ ਲੱਗਦੇ ਪਿੰਡ ਘੁਮਿਆਰਾ ਵਿਖੇ ਮਾਤਾ ਪੁਸ਼ਪਾ ਦੇਵੀ ਉਰਫ ਕਰਤਾਰ ਕੌਰ ਦੀ ਕੁੱਖੋਂ ਪਿਤਾ ਸ੍ਰੀ ਉਮ ਪ੍ਰਕਾਸ਼ ਸੇਠੀ ਦੇ ਘਰ ਪੈਦਾ ਹੋਇਆ। ਉਹਨਾਂ ਦਾ ਜਨਮ 14ਦਸੰਬਰ 1960 ਨੂੰ ਇਹ੍ਹਨਾਂ ਦੇ ਨਾਨਕੇ ਪਿੰਡ ਬਾਦੀਆਂ ਜਿਲਾ ਮੁਕਤਸਰ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਮਾਲ ਪਟਵਾਰੀ ਸਨ ਜੋ ਬਾਅਦ ਚ ਨਾਇਬ ਤਹਿਸੀਲਦਾਰ ਵਜੋਂ ਸੇਵਾਮੁਕਤ ਹੋਏ। ਰਮੇਸ਼ ਸੇਠੀ ਪਰਿਵਾਰ ਦੇ ਵਡੇਰਿਆਂ ਦੇ ਨਾਮ ਬੜੇ ਮਾਣ ਨਾਲ ਦੱਸਦਾ ਹੈ, ਦਾਦਾ ਸੇਠ ਹਰਗੁਲਾਲ ਸੇਠੀ ਵਲਦ ਤੁਲਸੀ ਰਾਮ ਵਲਦ ਜਗਤ ਰਾਮ ਵਲਦ ਕਰਮ ਚੰਦ ਵਲਦ ਨੌਧਾ ਮੱਲ ਸੇਠੀ, ਭਾਵ ਕਿ ਉਹ ਪਿੰਡ ਘੁਮਿਆਰਾ ਦੀ ਮਿੱਟੀ ਨਾਲ ਪਿਛਲੀਆਂ ਛੇ ਪੀੜੀਆਂ ਤੋਂ, ਰੂਹ ਕਰਕੇ ਜੁੜੇ ਰਹੇ ਹਨ। ਉਹਨਾਂ ਨੇ ਮੁੱਢਲੀ ਪੜ੍ਹਾਈ ਉਪਰੰਤ ਬੀ ਕਾਮ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।
ਪੜ੍ਹਾਈ ਪੂਰੀ ਹੁੰਦਿਆਂ ਹੀ ਉਹਨਾਂ ਨੇ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ਼ ਸਕੂਲ, ਬਾਦਲ ਵਿਖੇ ਬਤੌਰ ਦਫਤਰ ਇੰਚਾਰਜ ਜੁਆਇੰਨ ਕਰ ਲਿਆ। ਸ੍ਰੀਮਤੀ ਸਰੋਜ ਰਾਣੀ ਜੋ ਕਿ ਪੇਸ਼ੇ ਵਜੋਂ ਸਰਕਾਰੀ ਅਧਿਆਪਕ ਸਨ ਨੂੰ ਆਪ ਜੀ ਦੀ ਜੀਵਨ ਸਾਥਣ ਹੋਣ ਦਾ ਸੁਭਾਗ ਪ੍ਰਾਪਤ ਹੈ। ਉਹ ਦੱਸਦੇ ਹਨ ਕਿ ਉਸਦੇ ਮਾਮਾ ਸ੍ਰੀ ਬਿਹਾਰੀ ਲਾਲ ਜੀ ਨੇ ਬਚਪਨ ਚ ਉਸਦਾ ਨਾਮ ਡੀਸੀ ਰੱਖਿਆ ਸੀ ਜੋ ਕਿ ਸਾਰੇ ਰਿਸ਼ਤੇਦਾਰ ਤੇ ਸਾਥੀਆਂ ਨੇ ਪਕਾ ਲਿਆ ਤੇ ਬਾਅਦ ਚ ਸ਼ਾਦੀ ਹੋਣ ਤੋਂ ਬਾਅਦ ਤੱਕ ਵੀ ਉਸਨੂੰ ਡੀਸੀ -ਡੀਸੀ ਕਹਿਕੇ ਹੀ ਬੁਲਾਉਂਦੇ ਰਹੇ। ਜਵਾਨੀ ਦੇ ਦਿਨਾਂ ਚ ਉਹ ਫਿਲਮਾਂ ਦੇਖਣ, ਗੀਤ ਸੁਣਨ ਸਮੇਤ ਸਾਰੇ ਉਹਨਾਂ ਰੰਗਾਂ ਦੇ ਸ਼ੌਕੀਨ ਸਨ ਜੋ ਜੋਬਨ ਰੁੱਤੇ ਹਰ ਨੌਜਵਾਨ ਨੂੰ ਭਰਮਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਇਸ ਦੌਰਾਨ ਨਾ ਤਾਂ ਉਹ ਕੋਈ ਲਛਮਣ-ਰੇਖਾ ਲੰਘੇ ਨਾ ਹੀ ਕਦੇ ਉਹ ਰਾਹੋਂ ਥਿੜਕੇ। ਇਸ ਨੂੰ ਉਹ ਆਪਣੀ ਪ੍ਰਾਪਤੀ ਮੰਨਦੇ ਹਨ।
ਲੇਖਣੀ ਦਾ ਬੀਜ ਤਾਂ ਬੇਸ਼ੱਕ ਉਹਨਾਂ ਦੇ ਅੰਦਰ ਕਿਤੇ ਪਹਿਲਾਂ ਤੋਂ ਹੀ ਪਿਆ ਹੋਇਆ ਸੀ, ਪਰ ਇਸਦਾ ਫੁਟਾਰਾ ਉਹਨਾਂ ਅੰਦਰ ਉਵੇਂ ਹੀ ਹੋਇਆ ਜਿਵੇਂ ਹਰੇਕ ਲੇਖਕ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨ ਉਪਰੰਤ ਹੁੰਦਾ ਹੈ, ਜਿਵੇਂ ਉਹ ਹਨੇਰੇ ਚ ਰੋਸ਼ਨੀ ਦੀ ਇੱਕੋ ਕਿਰਨ ਲਈ ਬਿਹਬਲਤਾ ਦੀ ਚਰਮ ਸੀਮਾ ਹੰਢਾਅ ਕੇ ਮਾਯੂਸ ਹੋ ਜਾਂਦਾ ਹੈ। ਕਈ ਸਮੱਸਿਆਵਾਂ ਬੰਦੇ ਨੂੰ ਅੰਦਰੋਂ ਪਾਰਾ ਪਾਰਾ ਕਰ ਦਿੰਦੀਆਂ ਹਨ ਅਜਿਹੇ ਮੌਕਿਆਂ ਤੇ ਮਨੁੱਖ ਜਾਂ ਤਾਂ ਨਿਰਾਸ਼ਾ ਦੀ ਕਿਸੇ ਡੂੰਘੀ ਖੱਡ ਵਿਚ ਜਾ ਡਿਗਦਾ ਜਾਂ ਫਿਰ ਕਿਸੇ ਦਾ ਸਹਾਰਾ ਲੈ ਕੇ ਔਖੀ ਸਥਿਤੀ ਚੋਂ ਸੁਰਖ਼ਰੂ ਹੋ ਨਿਕਲਦਾ ਹੈ। ਬਿਲਕੁਲ ਇਹੀ ਵਾਪਰਿਆ ਸੇਠੀ ਸਾਹਿਬ ਨਾਲ, ਉਹਨੇ ਔਖੇ ਸਮੇਂ ਕਲਮ ਨੂੰ ਆਪਣਾ ਸਹਾਰਾ ਬਣਾਇਆ, ਕਲਮ ਨੇ ਵੀ ਉਸਦਾ ਅਜਿਹਾ ਸਾਥ ਦਿੱਤਾ, ਉਸ ਦੀ ਜ਼ਿੰਦਗੀ ਸੋਹਣੇ ਸੋਹਣੇ ਰੰਗਾਂ ਚ ਗੜੁੱਚ ਹੋ ਗਈ। ਫਿਰ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸਦੇ ਲਗਭਗ 200 ਆਰਟੀਕਲ ਵੱਖ਼ ਵੱਖ ਮਿਆਰੀ ਸਾਹਿਤਕ ਪੱਤਰਾਂ ਤੇ ਸਮਾਚਾਰ ਪੱਤਰਾਂ ਚ ਛਪ ਚੁੱਕੇ ਹਨ। ਇਸ ਤੋਂ ਇਲਾਵਾ ਉਹ 2013 ਵਿਚ ਪਹਿਲਾ ਕਹਾਣੀ ਸੰਗ੍ਰਹਿ 'ਇਕ ਗੰਧਾਰੀ ਹੋਰ', 2015 'ਚ ਕਹਾਣੀ ਸੰਗ੍ਰਹਿ 'ਕਰੇਲਿਆਂ ਵਾਲੀ ਅੰਟੀ 2017 'ਚ ਸਵੈ-ਜੀਵਨੀ ਦੇ ਅੰਸ਼ "ਬਾਬੇ ਹਰਗੁਲਾਲ ਦੀ ਹੱਟੀ" ਅਤੇ ਤੀਜਾ ਕਹਾਣੀ ਸੰਗ੍ਰਹਿ '149 ਮਾਡਲ ਟਾਊਨ' ਪਾਠਕਾਂ ਦੀ ਕਚਹਿਰੀ ਚ ਪੇਸ਼ ਕਰ ਚੁੱਕਿਆ ਹੈ। ਫਿਰ 2018 ਵਿੱਚ ਉਸਦੀ ਸਵੇਂ ਜੀਵਣੀ ਦੇ ਅੰਸ਼ ਬਾਬੇ ਹਰਗੁਲਾਲ ਦੀ ਹੱਟੀ ਆਇਆ। ਜੋ ਕਿ ਸਮੇਂ ਸਮੇਂ ਪਾਠਕਾਂ ਵੱਲੋਂ ਭਰਪੂਰ ਦਾਦ ਨਾਲ ਪ੍ਰਵਾਨਤ ਹੋਏ ਹਨ। ਉਸ ਦੀਆਂ ਅਗਲੀਆਂ ਕ੍ਰਿਤਾ ਲੋਕ ਅਰਪਣ ਹਿਤ, ਪਾਠਕਾਂ ਦੀਆਂ ਬਰੂਹਾਂ ਤੇ ਦਸਤਕ ਦੇਣ ਲਈ ਤਿਆਰ ਹਨ। ਅਜੇ ਉਸਦੇ ਭੱਤੇ ਵਿੱਚ ਹੋਰ ਬਹੁਤ ਕੁਝ ਹੈ, ਜੋ ਸਮਾਜਿਕ ਵਿਸੰਗਤੀਆਂ ਤੇ ਉਂਗਲ ਧਰਣ ਦੀ ਹਿੰਮਤ ਰੱਖਦਾ ਹੈ।
ਅੱਜ ਕੱਲ੍ਹ ਉਹ ਸ਼ੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ। ਉਸਨੇ "ਕੌਫੀ ਵਿਦ" ਨਾਮ ਦੇ ਪ੍ਰੋਗਰਾਮ ਤੇ ਉਹ ਨਾਮੀ ਸਾਹਿਤਕਾਰਾਂ, ਸਮਾਜਸੇਵੀਆਂ, ਡਾਕਟਰਾਂ ਆਰਟਿਸਟਾਂ, ਗਾਇਕਾਂ ਅਤੇ ਸਿਆਸੀ ਆਗੂਆਂ ਨਾਲ ਮੁਲਾਕਾਤ ਦਾ ਇਕ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਇਸ ਲੜੀ ਤਹਿਤ ਉਹ ਲਗਭਗ 150 ਸਖਸ਼ੀਅਤਾਂ ਨਾਲ ਇੰਟਰਵਿਊ ਕਰ ਚੁੱਕਿਆ ਹੈ , ਜਿਸ ਨੂੰ ਉਹ ਸ਼ੋਸ਼ਲ ਮੀਡੀਆ ਰਾਹੀਂ ਨਸ਼ਰ ਵੀ ਕਰ ਰਿਹਾ ਹੈ। ਸ਼ੋਸ਼ਲ ਮੀਡੀਆ ਰਾਹੀਂ ਹਰ ਰੋਜ਼ ਵੰਨ-ਸੰਵਨੇ ਖਾਣੇ ਵੀ ਦੋਸਤਾਂ ਲਈ ਪਰੋਸਦਾ ਰਹਿੰਦਾ ਹੈ।ਗੱਲਾਂ ਹੋਰ ਵੀ ਬਹੁਤ ਨੇ , ਉਹ ਖਾਣ-ਪੀਣ ਪੱਖੋਂ ਧੱਕੜ ਮਝੈਲ, ਪਹਿਣਨ- ਪਚਰਣ ਤੋਂ ਲਾਹੌਰੀਆ ਤੇ ਬੋਲਣ ਚਾਲਣ 'ਚ ਜਮਾ ਪੱਕਾ ਮਲਵਈ ਹੈ। ਪਿੰਡ ਬਾਦਲ ਵਿਖੇ ਆਪਣੀ 37 ਸਾਲ ਦੀ ਸੇਵਾ ਉਪਰੰਤ ਸੇਵਾਮੁਕਤ ਹੋਣ ਬਾਅਦ ਉਸਦਾ ਸਾਹਿਤਕ ਸਫਰ ਨਿਰੰਤਰ ਜਾਰੀ। ਪਿੰਡ ਬਾਦਲ ਉਸਦੀ ਕਰਮ ਭੂਮੀ ਰਿਹਾ ਹੈ ਜਿਸ ਕਰਕੇ ਉਹ ਆਪਣੇ ਨਾਮ ਨਾਲ ਬਾਦਲ ਸ਼ਬਦ ਲਾਉਂਦਾ ਹੈ। ਉਹ ਆਪਣੀ ਕਰਮ ਭੂਮੀ ਨੂੰ ਮਾਣ ਬਖਸ਼ਦਾ ਹੈ। ਆਓ ਮਾਣੀਏ ਉਸਦੀ ਕਲਮ ਦੇ ਕੁਝ ਅਦਬੀ ਰੰਗ:
(1)
ਹੰਝੂ
ਹੰਝੂ ਡਿਗਦੇ ਹਨ।
ਕਿਸੇ ਦੀ ਮੌਤ ਤੇ।
ਦਰਦ ਪੀੜ ਤੇ ਚੋਟ ਤੇ।
ਕਿਸੇ ਦੇ ਵਿਛੋੜੇ ਤੇ
ਆਪਣਿਆਂ ਦੀ ਜੁਦਾਈ ਤੇ।
ਕਦੇ ਕਦੇ ਡਿਗਦੇ ਹਨਹੰਝੂ
ਕਿਸੇ ਦੀ ਕੁਰਬਾਨੀ ਤੇ
ਆਪਣਿਆਂ ਦਾ ਪਿਆਰ ਤੇ
ਹੰਝੂ ਡਿਗਦੇ ਹਨ।
ਪਰ ਕਿਸੇ ਆਪਣੇ ਦੇ
ਕੀਤੇ ਧੋਖੇ ਤੇ ਬੇਵਫ਼ਾਈ ਦੇ
ਹੰਝੂ ਪੀੜਾ ਦਿੰਦੇ ਹਨ
ਅਥਾਹ।
ਤੇ ਹੰਝੂ ਕਰ ਦਿੰਦੇ ਹਨ
ਮਨ ਹੋਲਾ ਮਨ ਸਾਫ।
ਹੰਝੂ ਬਸ ਪਾਣੀ ਦੀਆਂ
ਚੰਦ ਬੂੰਦਾ ਹੀ ਹੁੰਦੇ ਹਨ।
ਪਰ ਹੁੰਦੇ ਵਜ਼ਨਦਾਰ ਹਨ
ਇਹ ਹੰਝੂ।
(2)
ਓਹ ਦਿਨ ਤੇ ਆਹ ਦਿਨ
ਤੂੰ ਤੇ ਮੈ।
ਇੱਕਠੇ ਖੇਡਦੇ ,
ਮੀਹਂ ਚ ਨਹਾਉਂਦੇ।
ਵੀਰਾ ਕਹਿਕੇ ਤੂੰ ,
ਮੰਗ ਲੈਂਦੀ ਸੀ ਮੇਰੀ ਕਾਪੀ।
ਤੇ ਮੈ ਵੀ ਫਿਰ ਬਹਾਨੇ ਨਾਲ ,
ਚਾਰ ਕੁ ਪੰਨੇ ਲਿਖਣ ਦੀ ,
ਤੈਨੂੰ ਪਾ ਦਿੰਦਾ ਵਗਾਰ।
ਹੋਲੀ ਹੋਲੀ ਦਿਨ ਬਦਲਦੇ ਗਏ ।
ਤੇ ਮੇਰੀ ਅੱਖ ਤੇਰੇ ਤੰਗ ਸੂਟ ,
ਗਹਿਰੀਆਂ ਅੱਖਾਂ ਗੁਲਾਬੀ ਗੱਲ੍ਹਾਂ ।
ਤੇ ਟਿਕਦੀ ਗਈ।
ਤੂੰ ਵੀ ਹੁਣ ਨੀਵੀ ਪਾਕੇ।
ਹੋਲੀ ਹੋਲੀ ਬੋਲਦੀ।
ਵੀਰੇ ਤੇ ਭੈਣੇ ਜਿਹੇ ਸ਼ਬਦਾਂ ਤੋਂ
ਆਪਾਂ ਦੋਵੇ ਗੁਰੇਜ ਕਰਦੇ ।
ਪਤਾ ਨਹੀ ਕਿਓ ?
ਤੂੰ ਵਿਆਹੀ ਗਈ ਕੀਤੇ ਦੂਰ।
ਮੈ ਵੀ ਲੈ ਆਇਆ ਇਕ ਹੂਰ।
ਪਰ ਮੈ ਅਜੇ ਵੀ ਯਾਦ ਕਰਦਾ ਹਾਂ।
ਓਹ ਦਿਨ।
ਪਤਾ ਨਹੀ ਕਿਓੰ ਆ ਗਏ।
ਆਹ ਦਿਨ , ਆਹ ਦਿਨ।
ਯਾਦਾਂ ਦੀ ਪਿਟਾਰੀ ਚੋਂ।
ਸ਼ਾਲਾ! ਯਾਰਾਂ ਦਾ ਯਾਰ , ਮਸਤ-ਮੌਲਾ, ਫਰਾਕ-ਦਿਲ ਲੇਖਕ ਤੇ ਮੌਜੀ ਮੇਜਬਾਨ, ਮਹਿਫਲਾਂ ਦਾ ਰੂਹ-ਏ-ਰਵਾਂ ਰਮੇਸ਼ ਸੇਠੀ ਬਾਦਲ ਆਪਣੀ ਲੇਖਣੀ ਅਤੇ ਨਿੱਘੇ ਮਿਲਵਰਤਨ ਨਾਲ ਸਾਹਿਤ ਅਤੇ ਸਾਹਿਤਕ ਮਜਲਸਾਂ ਨੂੰ ਹੋਰ ਅਮੀਰ ਤੇ ਗੂੜ੍ਹੀ ਰੰਗਤ ਚ ਰੰਗਣ ਦੇ ਹੋਰ ਵੀ ਸਮਰੱਥ ਹੋਵੇ।- ਆਮੀਨ
-
ਅਮਰਜੀਤ ਸਿੰਘ ਜੀਤ, ਲੇਖਕ
............
9417287122
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.