← ਪਿਛੇ ਪਰਤੋ
ਭਾਜਪਾ ਨੇ ਰਾਮ ਰਹੀਮ ਦੇ ਕੁੜਮ ਨੂੰ ਸਿਆਸੀ ਚੋਗੇ ਨਾਲ ਚੱਲਿਆ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦਾ ਪੱਤਾ
ਅਸ਼ੋਕ ਵਰਮਾ
ਬਠਿੰਡਾ ,24 ਮਈ 2024:ਕੀ ਕੇਂਦਰ ’ਚ ਤੀਸਰੀ ਵਾਰ ਸੱਤਾ ਤੇ ਹਥਿਆਉਣ ਲਈ ਬੀਜੇਪੀ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਦੇ ਕੁੜਮ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਰਾਹੀਂ ਡੇਰਾ ਪੈਰੋਕਾਰਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਦਾ ਪੱਤਾ ਚੱਲਿਆ ਹੈ। ਜੱਸੀ ਦੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਉੱਤਰੀ ਭਾਰਤ ਦੇ ਸਿਆਸੀ ਹਲਕਿਆਂ ’ਚ ਇਸ ਚੁੰਝ ਚਰਚਾ ਛਿੜ ਗਈ ਹੈ ਜਿੱਥੋਂ ਦੇ ਦੋ ਸੂਬਿਆਂ ਹਰਿਆਣਾ ਅਤੇ ਦਿੱਲੀ ’ਚ 25 ਮਈ ਦਿਨ ਸ਼ਨੀਵਾਰ ਨੂੰ ਵੋਟਾਂ ਪੈਣੀਆਂ ਹਨ। ਸਿਆਸੀ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਜੱਸੀ ਦੀ ਇਸ ਮੌਕੇ ਭਾਜਪਾ ’ਚ ਸ਼ਮੂਲੀਅਤ ਸਹਿਜ ਨਹੀਂ ਹੈ। ਡੇਰਾ ਸਿਰਸਾ ਤੇ ਸਾਲ 2023 ’ਚ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਸੀ ਜਿਸ ਤੋਂ ਮਗਰੋਂ ਇਹ ਪਹਿਲੀ ਵੱਡੀ ਚੋਣ ਜੰਗ ਹੋਣ ਜਾ ਰਹੀ ਹੈ। ਹਾਲਾਂਕਿ ਡੇਰਾ ਪ੍ਰਬੰਧਕ ਅਤੇ ਵਿੰਗ ਦੇ ਸਾਬਕਾ ਆਗੂ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਹੋਏ ਪਰ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਭਖੇ ਪ੍ਰਚਾਰ ਅਤੇ ਹਰਿਆਣਾ ਸਮੇਤ ਕੌਮੀ ਰਾਜਧਾਨੀ ਦਿੱਲੀ ਲਈ ਹੋਣ ਵਾਲੀ ਪੋÇਲੰਗ ਤੋਂ ਪਹਿਲਾਂ ਹੋਈ ਇਸ ਸਿਆਸੀ ਚੱਕ ਥੱਲ ਨੇ ਡੇਰਾ ਪੈਰੋਕਾਰਾਂ ਦੀ ਅਹਿਮੀਅਤ ਨੂੰ ਹਵਾ ਜਰੂਰ ਦੇ ਦਿੱਤੀ ਹੈ। ਸਿਆਸੀ ਹਲਕਿਆਂ ਦੀ ਮੰਨੀਏ ਤਾਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ’ਚ ਭਾਜਪਾ ਦੀ ਸਿਆਸੀ ਭੱਲ ਵੱਡੀ ਪੱਧਰ ਤੇ ਖੁਰੀ ਹੈ। ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਲਈ ਜਮਾਨਤ ਮਿਲਣ ਕਾਰਨ ਪਾਰਟੀ ਦੀਆਂ ਮੁਸ਼ਕਲਾਂ ਵਧੀਆਂ ਹਨ। ਸੂਤਰ ਦੱਸਦੇ ਹਨ ਕਿ ਭਾਜਪਾ ਨੂੰ ਸਭ ਤੋਂ ਵੱਧ ਸੇਕ ਹਰਿਆਣਾ ’ਚ ਲੱਗਿਆ ਹੈ ਜਿੱਥੇ ਮਨੋਹਰ ਲਾਲ ਖੱਟੜ ਨੂੰ ਹਟਾਕੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਤਾਹੀਂ ਭਾਜਪਾ ਦੇ ਚੋਣ ਰਣਨੀਤੀਕਾਰਾਂ ਨੇ ਆਪਣੀ ਰਣਨੀਤੀ ’ਚ ਕਈ ਤਬਦੀਲੀਆਂ ਕੀਤੀਆਂ ਹਨ ਜਿੰਨ੍ਹਾਂ ’ਚ ਹੋਰਨਾਂ ਤੋਂ ਇਲਾਵਾ ਡੇਰਾ ਸਿਰਸਾ ਦੇ ਵੋਟ ਬੈਂਕ ਨੂੰ ਆਪਣੇ ਹੱਕ ’ਚ ਭੁਗਤਾਉਣਾ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਭਾਜਪਾ ਲੀਡਰਸ਼ਿਪ ਨੇ ਇਸ ਪੈਂਤੜੇ ਤਹਿਤ ਹਰਮਿੰਦਰ ਸਿੰਘ ਜੱਸੀ ਨੂੰ ਚੁਣਿਆ ਸੀ। ਭਾਜਪਾ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਉਹ ਤਾਂ ਖੁਦ ਜੱਸੀ ਦੀ ਪਾਰਟੀ ’ਚ ਸ਼ਮੂਲੀਅਤ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਜੱਸੀ ਤਾਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਸਕਦੇ ਸਨ ਪਰ ਇਸ ਮੌਕੇ ਇਹ ਗੱਲ ਸਮਝੋਂ ਬਾਹਰ ਹੈ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਲੋਕ ਸਭਾ ਦੀਆਂ 10 ਅਤੇ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਹਰਿਆਣਾ ਦੇ ਤਿੰਨ ਦਰਜਨ ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿੱਚ ਡੇਰਾ ਸਿਰਸਾ ਦੀ ਮਜਬੂਤ ਤਾਕਤ ਮੰਨੀ ਜਾਂਦੀ ਹੈ। ਜਾਣਕਾਰੀ ਅਨੁਸਾਰ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਨੇ ਭਾਜਪਾ ਨੂੰ ਹਮਾਇਤ ਦਿੱਤੀ ਸੀ ਤਾਂ ਪਾਰਟੀ ਨੇ 90 ਵਿੱਚੋਂ 47 ਸੀਟਾਂ ਜਿੱਤ ਕੇ ਪੂਰਨ ਬਹੁਮੱਤ ਨਾਲ ਸਰਕਾਰ ਬਣਾਈ ਸੀ। ਸਾਲ 2017 ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਹੋਣ ਕਾਰਨ ਡੇਰਾ ਪੈਰੋਕਾਰ ਨਰਾਜ਼ ਹੋ ਗਏ ਜਿਸ ਕਾਰਨ ਭਾਜਪਾ ਨੂੰ 40 ਹਲਕਿਆਂ ’ਚ ਜਿੱਤ ਨਸੀਬ ਹੋ ਸਕੀ ਅਤੇ ਸਰਕਾਰ ਬਨਾਉਣ ਲਈ ਚੌਟਾਲਿਆਂ ਦੇ ਫਰਜ਼ੰਦ ਅੱਗੇ ਗੋਡੇ ਟੇਕਣੇ ਪਏ। ਦਿਲਚਸਪ ਪਹਿਲੂ ਇਹ ਵੀ ਹੈ ਕਿ ਗੋਡਣੀਆਂ ਵਾਲਾ ਜੋਰ ਲਾਉਣ ਦੇ ਬਾਵਜੂਦ ਡੇਰਾ ਪ੍ਰੇਮੀਆਂ ਦੇ ਗੜ੍ਹ ਸਰਸਾ ’ਚ ਭਾਜਪਾ ਇੱਕ ਵੀ ਸੀਟ ਤੇ ਨਾਂ ਜਿੱਤ ਸਕੀ ਜਦੋਂਕਿ ਫਤਿਹਾਬਾਦ ਜਿਲ੍ਹੇ ’ਚ ਦੋ ਸੀਟਾਂ ਹੀ ਮਿਲ ਸਕੀਆਂ। ਡੇਰੇ ਦੇ ਆਸ਼ੀਰਵਾਦ ਕਾਰਨ ਸਾਲ 2019 ’ਚ ਭਾਜਪਾ ਨੇ ਹਰਿਆਣਾ ਦੇ ਸਮੂਹ 10 ਲੋਕ ਸਭਾ ਹਲਕਿਆਂ ’ਚ ਜਿੱਤ ਹਾਸਲ ਕੀਤੀ ਸੀ। ਸੂਤਰ ਆਖਦੇ ਹਨ ਕਿ ਭਾਜਪਾ ਹੁਣ ਮੌਜੂਦਾ ਲੋਕ ਸਭਾ ਚੋਣਾਂ ਅਤੇ ਕੁੱਝ ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਪੈਰੋਕਾਰਾਂ ਰਾਹੀਂ ਆਪਣੀ ਸਿਆਸੀ ਬੇੜੀ ਪਾਰ ਲਾਉਣਾ ਚਾਹੁੰਦੀ ਹੈ ਕਿਉਂਕਿ ਬੀਜੇਪੀ ਸਮਝ ਗਈ ਹੈ ਕਿ ਇਹ ਡੇਰਾ ਸਿਰਸਾ ਦੇ ਥਾਪੜੇ ਤੋਂ ਬਿਨਾਂ ਹੋਣਾ ਅਸੰਭਵ ਨਹੀਂ ਤਾਂ ਨਾਮੁਮਕਿਨ ਜਰੂਰ ਦੱਸਿਆ ਜਾ ਰਿਹਾ ਹੈ। ਉਹ ਵੀ ਉਸ ਵਕਤ ਜਦੋਂ ਪੰਜਾਬ ਵਰਗੇ ਸਰਹੱਦੀ ਸੂਬਾ ’ਚ ਭਾਜਪਾ ਕਰੋ ਜਾਂ ਮਰੋ ਦੀ ਲੜਾਈ ਲੜ ਰਹੀ ਹੈ ਤਾਂ ਵੋਟਾਂ ਦਾ ਭੰਡਾਰ ਹੋਣ ਵਰਗੀਆਂ ਗੱਲਾਂ ਮਹੱਤਵਪੂਰਨ ਬਣ ਜਾਂਦੀਆਂ ਹਨ। ਭਾਜਪਾ ਲਈ ਪੰਜਾਬ ਵੀ ਅਹਿਮ ਭਾਜਪਾ ਲਈ ਮਿਸ਼ਨ 2024 ਦੌਰਾਨ ਹੋਰਨਾਂ ਸੂਬਿਆਂ ਦੀ ਤਰਾਂ ਪੰਜਾਬ ਵੀ ਮਹੱਤਵਪੂਰਨ ਹੈ ਜਿੱਥੇ ਪਾਰਟੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਮਗਰੋਂ ਆਪਣਾ ਅਧਾਰ ਵਧਾਉਣ ਅਤੇ ਹੋਂਦ ਦੀ ਲੜਾਈ ਲੜ ਰਹੀ ਹੈ। ਪੰਜਾਬ ਦੀ ਮਾਲਵਾ ਪੱਟੀ ਡੇਰਾ ਪ੍ਰੇਮੀਆਂ ਦਾ ਗੜ੍ਹ ਮੰਨੀ ਜਾਂਦੀ ਹੈ ਜਿਸ ਦੇ ਘੱਟੋ ਘੱਟ 42 ਤੋਂ 45 ਵਿਧਾਨ ਸਭਾ ਹਲਕਿਆਂ ਵਿੱਚ ਡੇਰਾ ਪ੍ਰੇਮੀ ਫੈਸਲਾਕੁੰਨ ਗਿਣਤੀ ਵਿੱਚ ਹਨ। ਇਸ ਨੂੰ ਦੇਖਦਿਆਂ ਹਰ ਸਿਆਸੀ ਪਾਰਟੀ ਡੇਰੇ ਦੀਆਂ ਵੋਟਾਂ ਤੇ ਅੱਖ ਰੱਖਦੀ ਹੈ ਪਰ ਬੇਅਦਬੀ ਮਾਮਲਿਆਂ ਕਾਰਨ ਨੇਤਾ ਡੇਰੇ ਜਾਣ ਤੋਂ ਡਰਦੇ ਹਨ । ਭਾਜਪਾ ਲਈ ਅਜਿਹੀ ਬੰਦਿਸ਼ ਨਹੀਂ ਹੈ ਬਲਕਿ ਕਈ ਆਗੂਆਂ ਦੇ ਡੇਰਾ ਪ੍ਰਬੰਧਕਾਂ ਨਾਲ ਨਿੱਘੇ ਸਬੰਧ ਦੱਸੇ ਜਾ ਰਹੇ ਹਨ। ਇਹ ਸੀ ਸਿਆਸੀ ਵਿੰਗ ਦਾ ਸਫਰ ਡੇਰਾ ਸਿਰਸਾ ਵੱਲੋਂ ਬਣਾਏ ਸਿਆਸੀ ਵਿੰਗ ਨੇ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਨੂੰ ਹਮਾਇਤ ਦਿੱਤੀ ਸੀ ਜਿਸ ਕਰਕੇ ਮਾਲਵੇ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਥੰਮ ਹਾਰ ਗਏ ਸਨ। ਇਸ ਮੌਕੇ ਭਾਜਪਾ ਮਾਲਵੇ ਵਿੱਚ 5 ਸੀਟਾਂ ਜਿੱਤ ਗਈ ਜਦਕਿ ਅਕਾਲੀ ਦਲ ਨੂੰ ਕੇਵਲ 13 ਸੀਟਾਂ ਮਿਲੀਆਂ ਸਨ । ਕਾਂਗਰਸ ਦੀ ਜਿੱਤ ਨਾਲ ਡੇਰਾ ਸਿਰਸਾ ਦਾ ਜਬਰਦਸਤ ਪ੍ਰਭਾਵ ਸਾਹਮਣੇ ਆਇਆ ਸੀ। ਸਾਲ 2012 ਅਤੇ 17 ’ਚ ਅਕਾਲੀ ਦਲ ਨੂੰ ਹਮਾਇਤ ਦਿੱਤੀ ਅਤੇ ਮਾਰਚ 2023 ’ਚ ਸਿਆਸੀ ਵਿੰਗ ਭੰਗ ਕਰ ਦਿੱਤਾ ਗਿਆ।
Total Responses : 278