ਗਾਂ ਨੂੰ ਬਚਾਉਂਦੀ ਸੇਬਾਂ ਵਾਲੀ ਗੱਡੀ ਪਲਟੀ
ਲੋਕਾਂ ਨੇ ਸੇਬ ਚੁੱਕ ਕੇ ਘਰ ਖੜਨ ਦੀ ਬਜਾਏ ਕੀਤੀ ਡਰਾਈਵਰ ਦੀ ਮਦਦ
ਰੋਹਿਤ ਗੁਪਤਾ
ਗੁਰਦਾਸਪੁਰ, 18 ਸਤੰਬਰ 2024- ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਸੰਤੁਲਨ ਵਿਗੜਨ ਕਾਰਨ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਹੀ ਪਲਟ ਗਈ ਪਰ ਗੁਰਦਾਸਪੁਰ ਦੇ ਲੋਕਾਂ ਨੇ ਸੜਕ ਤੇ ਬਿਖਰੇ ਸੇਫ ਚੁੱਕਣ ਦੀ ਬਜਾਏ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਡਰਾਈਵਰ ਗੁਰਦਾਸਪੁਰ ਦੇ ਲੋਕਾਂ ਦਾ ਕਾਇਲ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਗਾਂ ਨੂੰ ਬਚਾਉਂਦੇ ਬਚਾਉਂਦੇ ਇਹ ਹਾਦਸਾ ਵਾਪਰਿਆ ਹੈ। ਗੱਡੀ ਪਲਟਨ ਕਾਰਨ ਉਸ ਵਿੱਚ ਲੱਦੇ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ।ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ। ਸਵੇਰ ਦੀ ਸੈਰ ਕਰਨ ਲਈ ਨੈਸ਼ਨਲ ਹਾਈਵੇ ਦੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ।
ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸਦਾ ਸਮਾਨ ਚੋਰੀ ਕਰ ਲੈਂਦੇ ਹਨ ਜਦਕਿ ਲੋਕਾਂ ਨੂੰ ਇਸ ਮੌਕੇ ਤੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਜਰੂਰਤ ਹੁੰਦੀ ਹੈ ਜਿਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ। ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜਣ ਦੀ ਕੰਮ ਸ਼ੁਰੂ ਕਰ ਦਿੱਤਾ ਗਿਆ।