ਯੂਕੇ ਦੀ ਪ੍ਰਸਿੱਧ ਟੀਵੀ ਪੇਸ਼ਕਾਰਾ ਤੇ ਅਦਾਕਾਰਾ ਮੋਹਨੀ ਬਸਰਾ ਦਾ ਪਾਕਿਸਤਾਨ 'ਚ ਸਨਮਾਨ
ਅਹਿਮਦ ਰਜ਼ਾ ਪੰਜਾਬੀ ਤੇ ਸਾਥੀਆਂ ਵੱਲੋਂ ਭੇਂਟ ਕੀਤਾ ਗਿਆ ਸਨਮਾਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) :
ਜ਼ਾਲਮ ਸਿਆਸਤ ਨੇ 1947 ਵਿੱਚ ਪੰਜਾਬ ਦੇ ਦੋ ਟੁਕੜੇ ਕਰ ਧਰੇ, ਜਿਨਾਂ ਨੂੰ ਅੱਜ ਅਸੀਂ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਨਾਵਾਂ ਦੇ ਨਾਲ ਬੁਲਾਉਂਦੇ ਹਾਂ। ਬੇਸ਼ੱਕ ਸਿਆਸਤ ਨੇ ਆਪਣਾ ਕਰੂਰ ਚਿਹਰਾ ਦਿਖਾਇਆ ਹੈ ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਅੱਜ ਵੀ ਇੱਕ ਦੂਜੇ ਦੇ ਵਿੱਚ ਦੀ ਸਾਹ ਲੈਂਦੇ ਹਨ, ਇੱਕ ਦੂਜੇ ਨੂੰ ਦੇਖਣਾ ਲੋਚਦੇ ਨੇ, ਇੱਕ ਦੂਜੇ ਦੇ ਮਹਿਮਾਨ ਬਣ ਕੇ ਵਿਚਰਨਾ ਲੋਚਦੇ ਨੇ। ਪਾਕਿਸਤਾਨ ਵਸਦੇ ਪੰਜਾਬੀਆਂ ਵੱਲੋਂ ਇਸ ਵਾਰ ਫਿਰ ਜਾਣੀਕਿ ਦੂਜੀ ਵਾਰ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਵਿਸ਼ਵ ਭਰ ਦੇ ਮੁਲਕਾਂ ਵਿੱਚੋਂ ਪੰਜਾਬੀ ਵਿਦਵਾਨਾਂ, ਲੇਖਕਾਂ, ਫਿਲਮ ਕਲਾਕਾਰਾਂ ਨੇ ਹਿੱਸਾ ਲਿਆ। ਬਰਤਾਨੀਆ ਦੀ ਧਰਤੀ ਤੋਂ ਵੀ ਇੱਕ ਵਫਦ ਇਸ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਪਹੁੰਚਿਆ ਹੋਇਆ ਸੀ। ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚੋਂ ਇੰਗਲੈਂਡ ਦੀ ਧਰਤੀ 'ਤੇ ਟੀਵੀ ਪੇਸ਼ਕਾਰਾ, ਫਿਲਮ ਅਦਾਕਾਰਾ ਤੇ ਵੱਖ ਵੱਖ ਮੰਚਾਂ ਉੱਪਰ ਸੰਚਾਲਨ ਕਰਦੀ ਨਜ਼ਰ ਆਉਂਦੀ ਮੋਹਨਜੀਤ ਬਸਰਾ ਉਰਫ ਮੋਹਨੀ ਬਸਰਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅਹਿਮਦ ਰਜ਼ਾ ਪੰਜਾਬੀ ਤੇ ਸਾਥੀਆਂ ਦੀ ਅਗਵਾਈ ਵਿੱਚ ਉਹਨਾਂ ਨੂੰ ਇੱਕ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਮੋਹਨੀ ਬਸਰਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਵੱਸਦੇ ਪੰਜਾਬੀ ਬਹੁਤ ਹੀ ਦਿਲਦਾਰ ਨੇ, ਉਹਨਾਂ ਦੀ ਮਹਿਮਾਨ ਨਿਵਾਜੀ ਨੇ ਦਿਲ ਲੁੱਟ ਲਿਆ ਹੈ। ਉਹਨਾਂ ਵੱਲੋਂ ਹਰ ਕਿਸੇ ਨੂੰ ਅੱਖਾਂ ਦੀਆਂ ਪਲਕਾਂ 'ਤੇ ਬਿਠਾ ਕੇ ਜੋ ਨਿੱਘ, ਪਿਆਰ ਮੋਹੱਬਤ ਬਖਸ਼ੀ ਗਈ, ਉਹ ਰਹਿੰਦੀ ਦੁਨੀਆਂ ਤੱਕ ਭੁਲਾਈ ਨਹੀਂ ਜਾਵੇਗੀ।