ਗੁਰਦਾਸਪੁਰ: 24 ਘੰਟਿਆਂ ਤੋਂ ਘੱਟ ਸਮੇਂ 'ਚ ਪੁਲਿਸ ਨੇ ਸੁਲਝਾਈ ਮੰਦਰਾਂ 'ਚ ਹੋਈ ਚੋਰੀ ਦੀ ਵਾਰਦਾਤ
ਦਸ ਮਹੀਨੇ ਪਹਿਲੇ ਹੀ ਜੇਲ ਤੋਂ ਰਿਹਾਅ ਹੋ ਕੇ ਆਇਆ ਹੈ ਆਰੋਪੀ
ਰੋਹਿਤ ਗੁਪਤਾ
ਗੁਰਦਾਸਪੁਰ 18 ਸਤੰਬਰ 2024- ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਸਿੱਧਪੁਰ, ਪਿੰਡ ਬਿਆਨਪੁਰ ਦੇ ਮੰਦਿਰਾ ਦੇ ਗੱਲੇ ਵਿੱਚ ਪੈਸੇ, ਇੱਕ ਸੋਨੇ ਦੀ ਨੱਥ ਅਤੇ ਲਵ ਕੁਮਾਰ ਵਾਸੀ ਬਿਆਨਪੁਰ ਦੇ ਮੁਰਗੀਖਾਨੇ ਤੋਂ ਮੋਟਰਸਾਇਕਲ ਪਲਟੀਨਾ ਕਿਸੇ ਨਾ-ਮਲੂਮ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ। ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 135 ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਦੀਨਾਨਗਰ ਵਿਖੇ ਨਾ-ਮਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਡੂੰਘਾਈ ਨਾਲ ਤਫਤੀਸ਼ ਕਰਨ ਤੇ ਰਕੇਸ਼ ਕੁਮਾਰ ਉਰਫ ਦਾਨਾ ਪੁੱਤਰ ਥੁੜੂ ਰਾਮ ਵਾਸੀ ਹੈਬੋ ਥਾਣਾ ਸਦਰ ਪਠਾਨਕੋਟ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਤੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕਰਨ ਤੇ 2 ਮੋਟਰਸਾਈਕਲ ਜਿੰਨ੍ਹਾ ਵਿੱਚੋ ਇੱਕ ਮੋਟਰਸਾਈਕਲ ਬਿੰਨ੍ਹਾ ਨੰਬਰ ਅਤੇ ਇੱਕ ਮੋਟਰਸਾਈਕਲ, ਪਲੈਟਿਨਾ ਜੋ ਉਸ ਨੇ ਬੀਤੇ ਦਿਨ ਬਿਆਨਪੁਰ ਤੋਂ ਚੋਰੀ ਕੀਤਾ ਸੀ, ਇੱਕ ਨੱਥ ਸੋਨਾ ਅਤੇ ਚਾਰ ਹਜ਼ਾਰ 90 ਰੁਪਏ ਨਕਦ ਬਰਾਮਦ ਕੀਤੇ ਗਏ। ਦੱਸਿਆ ਗਿਆ ਹੈ ਕਿ ਉਕਤ ਆਰੋਪੀ ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿੱਚ ਹੀ ਪਠਾਨਕੋਟ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ ਸੀ।