ਡਾਕਟਰਾਂ ਨੇ 2 ਘੰਟੇ ਵਾਧੂ ਕੀਤੀ ਓ.ਪੀ.ਡੀ.
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਸਤੰਬਰ 2024- ਪੰਜਾਬ ਵਿੱਚ ਚੱਲ ਰਹੀ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.) ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਅੱਜ ਡਾਕਟਰਾਂ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਕੰਮਕਾਜ ਆਰੰਭ ਕਰ ਦਿੱਤਾ ਗਿਆ ਹੈ। ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਿਛਲੇ ਤਕਰੀਬਨ ਇਕ ਹਫਤੇ ਤੋਂ ਡਾਕਟਰਾਂ ਦੀ ਹੜਤਾਲ ’ਤੇ ਹੋਣ ਕਾਰਨ ਓ.ਪੀ.ਡੀ. ਸੇਵਾਵਾਂ ਠੱਪ ਪਈਆਂ ਸਨ।
ਕਮਿਊਨਿਟੀ ਹੈਲਥ ਸੈਂਟਰ, ਰਾਹੋਂ ਵਿਖੇ ਮੈਡੀਕਲ ਅਫਸਰ ਡਾ. ਰਿਤੂ ਦੀਪਤੀ ਨੇ ਅੱਜ 2 ਵਜੇ ਤੋਂ 4 ਵਜੇ ਤੱਕ ਮਰੀਜ਼ਾਂ ਦੀ ਜਾਂਚ ਕੀਤੀ। ਉਂਜ ਸਰਕਾਰੀ ਹਸਪਤਾਲਾਂ ਵਿਚ ਓ.ਪੀ.ਡੀ. ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਾ ਹੁੰਦਾ ਹੈ। ਪੀ.ਸੀ.ਐੱਮ.ਐੱਸ. ਨੇ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਡਿਊਟੀ ਟਾਈਮ ਤੋਂ ਇਲਾਵਾ ਦੋ ਘੰਟੇ ਵਾਧੂ ਓ.ਪੀ.ਡੀ. ਕੀਤੀ ਜਾਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਨੇ ਡਾਕਟਰਾਂ ਦੀਆਂ ਮੰਗਾਂ ਬਿਨਾਂ ਸ਼ਰਤ ਮੰਨ ਲਈਆਂ ਹਨ। ਡਾਕਟਰਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ।