ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 20 ਦਸੰਬਰ, 2020 - ਦਿੱਲੀ ਦੇ ਬਾਰਡਰਾਂ ਉੱਪਰ ਚੱਲ ਰਹੇ ਕਿਸਾਨ ਮੋਰਚਿਆਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਕਿਸਾਨਾਂ ਅਤੇ ਕਿਸਾਨ ਪੱਖੀ ਲੋਕਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖੋ-ਵੱਖ ਤਰ੍ਹਾਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਧਰਨੇ ਵਿੱਚ ਇੱਕ ਨਿਵੇਕਲੀ ਚੀਜ ਦੇਖਣ ਨੂੰ ਮਿਲੀ ਉਹ ਕਿ ਇੱਕ ਕਿਸਾਨ ਵੱਲੋਂ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਨੂੰ ਚਿੱਠੀ ਲਿਖ ਕੇ ‘ਮੋਦੀ’ ਦੀ ਸ਼ਿਕਾਇਤ ਕੀਤੀ ਅਤੇ ‘ਕੰਨ ਖਿੱਚਣ’ ਲਈ ਬੇਨਤੀ ਕੀਤੀ। ਚਿੱਠੀ ਲਿਖ ਕੇ ਭੇਜਣ ਅਤੇ ਉਕਤ ਚਿੱਠੀ ਨੂੰ ਬੈਨਰ ਦੇ ਰੂਪ ਵਿੱਚ ਛਪਵਾ ਕੇ ਧਰਨੇ ਵਿੱਚ ਸ਼ਿਰਕਤ ਕਰਨ ਵਾਲੇ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੁਆਰਾ ਇਸ ਚਿੱਠੀ ਨੂੰ ਲਿਖਣ ਦਾ ਮੰਤਵ ਇਹ ਹੈ ਕਿ ਸਾਡੇ ਸਮਾਜ ਵਿੱਚ ਜਦੋਂ ਵੀ ਕਿਸੇ ਦਾ ਬੱਚਾ ਕੋਈ ਗਲਤ ਕੰਮ ਕਰਦਾ, ਕੋਈ ਸ਼ਰਾਰਤ ਕਰਦਾ , ਕਿਸੇ ਦਾ ਕੋਈ ਨੁਕਸਾਨ ਕਰਦਾ ਜਾਂ ਕਿਸੇ ਨਾਲ ਬਿਨਾਂ ਗੱਲੋਂ ਲੜਦਾ ਹੈ ਤਾਂ ਉਸਦਾ ਉਲ੍ਹਾਮਾ ਉਸਦੀ ਮਾਂ ਨੂੰ ਦਿੱਤਾ ਜਾਂਦਾ ਹੈ ਜਾਂ ਉਸਦੀ ਸ਼ਿਕਾਇਤ ਉਸਦੀ ਮਾਂ ਨੂੰ ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੰਕਾਰ ਚੁੱਕਾ ਹੈ ਅਤੇ ਕੁੱਝ ਕੁ ਪੈਸੇ ਵਾਲੇ ਬੰਦਿਆਂ ਦੇ ਹੱਥਾਂ ਉੱਪਰ ਚੜ੍ਹ ਕੇ ਸਾਰੇ ਮੁਲਖ ਦੇ ਲੋਕਾਂ ਨੂੰ ਤੰਗ ਕਰ ਰਿਹਾ ਹੈ।ਉਹਨਾਂ ਕਿਹਾ ਕਿ ਅਸੀਂ ਇਸ ਚਿੱਠੀ ਰਾਹੀਂ ਮੋਦੀ ਸਾਹਿਬ ਦੀ ਮਾਤਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਪੁੱਤਰ ਨੂੰ ਸਮਝਾਵੇ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈ ਲਵੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਘੁੰਮਦੇ ਚਿੱਤਰਾਂ ਤੋਂ ਸਾਫ ਜਾਹਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਹੈ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨਾ ਤਾਂ ਸਾਡੀਆਂ ਬੇਨਤੀਆਂ ਸੁਣਦੇ ਹਨ, ਨਾ ਸੋਸ਼ਲ ਮੀਡੀਆ ਉੱਪਰ ਸਾਡੀ ਗੱਲ ਕਰਦੇ ਹਨ ਅਤੇ ਨਾ ਹੀ ‘ਮਨ ਕੀ ਬਾਤ’ ਵਿੱਚ ਉਹਨਾਂ ਸਾਡਾ ਦਰਦ ਸਮਝਿਆ ਹੈ।ਉਹਨਾਂ ਕਿਹਾ ਕਿ ਅਸੀਂ ਮਾਤਾ ਜੀ ਨੂੰ ਦੱਸਦੇ ਹਾਂ ਕਿ ਉਹ ਆਪਣੇ ਪੁੱਤਰ ਨੂੰ ਸਮਝਾਉਣ ਕਿ ਅਸੀਂ ਦੇਸ਼ਭਗਤ ਬੰਦੇ ਹਾਂ ਅਤੇ ਹਮੇਸ਼ਾ ਦੇਸ਼ ਲਈ ਹੀ ਕੰਮ ਕੀਤਾ ਹੈ। ਅਸੀਂ ਮੁਲਖ ਨੂੰ ਅਜਾਦ ਕਰਵਾਉਣ ਲਈ 98 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ ਹਨ ਅਤੇ ਅਜਾਦੀ ਉਪਰੰਤ ਵੀ ਦੇਸ਼ ਦੀ ਰੱਖਿਆ ਲਈ ਹਜਾਰਾਂ ਕੁਰਬਾਨੀਆਂ ਕੀਤੀਆਂ ਹਨ।ਉਹਨਾਂ ਕਿਹਾ ਕਿ ਅਸੀਂ ਮਾਤਾ ਜੀ ਨੂੰ ਅਪੀਲ ਕਰਦੇ ਹਾਂ ਕਿ ਉਹ ਰਾਹੋਂ ਭਟਕੇ ਆਪਣੇ ਪੁੱਤਰ ਨੂੰ ਖਿੱੱਚ ਕੇ ਸਹੀ ਰਾਤ ‘ਤੇ ਲੈ ਕੇ ਆਉਣ।