ਅਸ਼ੋਕ ਵਰਮਾ
ਚੰਡੀਗੜ੍ਹ, 11 ਮਾਰਚ 2021 - 2 ਸਾਲ ਪਹਿਲਾਂ ਬੋਰਵੈੱਲ 'ਚ ਡਿੱਗੇ ਫਤਹਿਵੀਰ ਦੇ ਮਾਪਿਆਂ ਘਰ ਇੱਕ ਹੋਰ ਫਤਹਿਵੀਰ ਨੇ ਜਨਮ ਲਿਆ ਹੈ। ਮਹਾਸ਼ਿਵਰਾਤਰੀ ਮੌਕੇ ਕਰੀਬ ਦੋ ਸਾਲ ਬਾਅਦ ਫਤਿਹਵੀਰ ਦੀ ਮਾਂ ਘਰ ਮੁੜ ਕਿਲਕਾਰੀਆਂ ਗੂੰਜੀਆਂ ਹਨ। ਫਤਿਹਵੀਰ ਸਿੰਘ ਦੀ ਮਾਂ ਨੂੰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਦਰਅਸਲ ਪਿੰਡ ਭਗਵਾਨਪੁਰਾ ’ਚ ਦੋ ਸਾਲ ਪਹਿਲਾਂ ਫਤਿਹਵੀਰ ਸਿੰਘ ਦੀ ਬੋਰਵੈੱਲ ’ਚ ਡਿੱਗਣ ਕਰਕੇ ਮੌਤ ਹੋ ਗਈ ਸੀ। ਅੱਜ ਮਹਾਸ਼ਿਵਰਾਤਰੀ ਮੌਕੇ ਫਹਿਤਵੀਰ ਦੀ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਕਰਕੇ ਫਤਿਹਵੀਰ ਦੇ ਪਰਿਵਾਰ ਬੇਹੱਦ ਖ਼ੁਸ਼ ਹੈ।
ਸੰਗਰੂਰ ਜਿਲ੍ਹੇ ਦੇ ਇਤਿਹਾਸਕ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਲਾਗੇ ਪਿੰਡ ਭਗਵਾਨਪੁਰਾ ’ਚ 6 ਜੂਨ 2019 ਨੂੰ ਬੋਰਵੈਲ ’ਚ ਡਿੱਗਣ ਉਪਰੰਤ ਸਦੀਵੀ ਵਿਛੋੜਾ ਦੇ ਗਏ ਮਾਸੂਮ ਫਤਿਹਵੀਰ ਦੇ ਮਾਪਿਆਂ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜਿਸ ਨੂੰ ਲੈਕੇ ਪ੍ਰੀਵਾਰ ਨੂੰ ਵੱਜੀ ਵੱਡੀ ਸੱਟ ਦੇ ਬਾਵਜੂਦ ਖੁਸ਼ੀ ਦਾ ਮਹੌਲ ਹੈ। ਬੱਚੇ ਦਾ ਜਨਮ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ ਹੋਇਆ ਹੈ ਜਿੱਥੇ ਬੱਚਾ ਅਤੇ ਉਸ ਦੀ ਮਾਂ ਦੋਨੋ ਪੂਰੀ ਤਰਾਂ ਤੰਦਰੁਸਤ ਹਨ। ਅੱਜ ਪ੍ਰੀਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਫਤਿਹਵੀਰ ਦੇ ਪਿਤਾ ਸੁਖਵਿੰਦਰ ਵਿੱਕੀ ਦਾ ਕਹਿਣਾ ਹੈ ਕਿ ਦੋ ਸਾਲ ਬਾਅਦ ਉਨ੍ਹਾਂ ਦਾ ਫਤਿਹਵੀਰ ਵਾਪਿਸ ਪਰਤ ਆਇਆ ਹੈ। ਉਨ੍ਹਾਂ ਆਖਿਆ ਕਿ ਪ੍ਰੀਵਾਰ ਨੂੰ ਜੋ ਜਖਮ ਫਤਿਹਵੀਰ ਦੇ ਚਲੇ ਜਾਣ ਨਾਲ ਮਿਲੇ ਸਨ ਪ੍ਰਮਾਤਮਾਂ ਨੇ ਇੰਨ੍ਹਾਂ ਜਖਮਾਂ ਤੇ ਅੱਜ ਸ਼ਿਵਰਾਤਰੀ ਵਾਲੇ ਦਿਨ ਮੱਲ੍ਹਮ ਲਗਾ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਅੱਜ ਉਹ ਇਸ ਦਾਤ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਵਧਾਈ ਦੇਣ ਅਤੇ ਖੁਸ਼ੀਆਂ ’ਚ ਸ਼ਾਮਲ ਹੋਣ ਵਾਲੇ ਦੋਸਤਾਂ ਮਿੱਤਰਾਂ,ਰਿਸ਼ਤੇਦਾਰਾਂ ਅਤੇ ਸਨੇਹੀਆਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਗੌਰਤਲਬ ਹੈ ਕਿ ਪਿੰਡ ਭਗਵਾਨਪੁਰਾ ’ਚ ਫਤਿਹਵੀਰ ਦੇ ਬੋਰਵੈਲ ’ਚ ਡਿੱਗਣ ਉਪਰੰਤ ਇਸ ਘਟਨਾਂ ਦੀ ਕੌਮੀ ਅਤੇ ਕੌਮਾਂਤਰੀ ਮੀਡੀਆ ’ਚ ਵੱਡੀ ਪੱਧਰ ਤੇ ਚਰਚਾ ਹੋਈ ਸੀ। ਪ੍ਰਸ਼ਾਸ਼ਨ ,ਫੌਜ ਅਤੇ ਕੌਮੀ ਆਫਤ ਰਾਹਤ ਦਲ (ਐਨ ਡੀ ਆਰ ਐਫ) ਤੋਂ ਇਲਾਵਾ ਸਮਾਜਸੇਵੀ ਸੰਸਥਾਵਾਂ ਵੱਲੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਲਾਗਾਤਰ ਪੰਜ ਦਿਨ ਕੀਤੀ ਭਾਰੀ ਮਸ਼ੱਕਤ ਤੋਂ ਬਾਅਦ ਵੀ ਫਤਿਹਵੀਰ ਨੂੰ ਸੁਰੱਖਿਅਤ ਬਾਹਰ ਕੱਢਿਆ ਨਾਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ ਸੀ। ਅੱਜ ਬੱਚੇ ਦੇ ਜਨਮ ਲੈਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤਾਂ ਇਲਾਕੇ ’ਚ ਖੁਸ਼ੀਆਂ ਦਾ ਮਹੌਲ ਬਣਿਆ ਹੋਇਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/891371141419743