ਮੁਕਤਸਰ ਦੇ ਸਿਵਿਲ ਹਸਪਤਾਲ ’ਚ ਬਣੇਗਾ ਆਕਸੀਜਨ ਪਲਾਂਟ, ਵਿਧਾਇਕ ਰਾਜਾ ਵੜਿੰਗ ਨੇ ਰੱਖਿਆ ਨੀਂਹ ਪੱਥਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਮਈ 2021-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਥਾਨਕ ਸਿਵਲ ਹਸਪਤਾਲ ਵਿੱਚ ਜਲਦੀ ਆਕਸੀਜਨ ਪਲਾਂਟ ਕੰਮ ਕਰਨਾ ਸ਼ੁਰੂ ਹੋ ਜਾਵੇਗਾ। ਇਹ ਪ੍ਰਗਟਾਵਾ ਅੱਜ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਆਕਸੀਜਨ ਪਲਾਂਟ ਤੋਂ ਸਿਵਲ ਹਸਪਤਾਲ ਦੇ 100 ਦੇ ਕਰੀਬ ਬੈਡਾਂ ਵਾਸਤੇ ਆਕਸੀਜਨ ਉਪਲਬੱਧ ਹੋ ਜਾਵੇਗੀ ਅਤੇ ਇਹ ਪਲਾਂਟ ਜਲਦੀ ਆਕਸੀਜਨ ਪਲਾਂਟ ਜਲਦੀ ਤਿਆਰ ਹੋ ਜਾਵੇਗਾ ਤਾਂ ਜੋ ਇੱਥੇ ਦਾਖਲ ਮਰੀਜ਼ਾਂ ਨੂੰ ਆਕਸੀਜਨ ਸਬੰਧੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਆਕਸੀਜਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਲੋਂ ਜਲਦੀ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ’ਤੇ ਕੰਟਰੋਲ ਕਰ ਲਿਆ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਨ ਵੀ ਜਲਦੀ ਕੀਤਾ ਜਾ ਰਿਹਾ ਹੈ। ਇਸ ਮੌਕੇ ਹਰਚਰਨ ਸਿੰਘ ਸੋਥਾ ਬਰਾੜ ਜ਼ਿਲ੍ਹਾ ਕਾਂਗਰਸ ਪ੍ਰਧਾਨ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਡਾ. ਰੰਜੂ ਸਿੰਗਲਾ ਸਿਵਿਲ ਸਰਜਨ ਵੀ ਹਾਜ਼ਰ ਸਨ।