ਮੁਫਤ ਵੈਕਸੀਨ ਲਗਾਉਣ ਲਈ ਦੂਜੇ ਵੈਕਸੀਨ ਸੇਵਾ ਕੇਂਦਰ ਦੀ ਸ਼ੁਰੂਆਤ ਕਰਵਾਈ ਤਲਵੰਡੀ ਸਾਬੋ ਚ ਸੁਖਬੀਰ ਬਾਦਲ ਨੇ ,ਹਰਸਿਮਰਤ ਤੇ ਬੀਬੀ ਜਗੀਰ ਵੀ ਰਹੇ ਮੌਜੂਦ
ਸੁਖਬੀਰ ਵੱਲੋਂ ਵੈਕਸੀਨ ਘੁਟਾਲੇ ’ਚ ਬਲਬੀਰ ਸਿੱਧੂ ਖਿਲਾਫ ਕੇਸ ਦਰਜ ਕਰਨ ਦੀ ਮੰਗ
ਅਸ਼ੋਕ ਵਰਮਾ
ਤਲਵੰਡੀ ਸਾਬੋ, 4 ਜੂਨ2021 : ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੇਂਦਰ ਤੋਂ ਪ੍ਰਾਪਤ ਹੋਈਆਂ 1 ਲੱਖ ਵੈਕਸੀਨ ਵਿਚੋਂ 80 ਹਜ਼ਾਰ ਮੁਨਾਫਾ ਕਮਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਅਤੇ ਹਸਪਤਾਲਾਂ ਵੱਲੋਂ ਇਹ ਵੈਕਸੀਨ ਹੋਰ ਮਹਿੰਗੇ ਭਾਅ ਆਮ ਆਦਮੀ ਨੂੰ ਵੇਚਣ ਲਈ ਉਹਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਕੇ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਨੂੰ ਮੁਫਤ ਵੈਕਸੀਨ ਲਗਾਉਣ ਲਈ ਸਥਾਪਿਤ ਕੀਤੇ ਦੂਜੇ ਵੈਕਸੀਨ ਸੇਵਾ ਕੇਂਦਰ ਦੀ ਸ਼ੁਰੂਆਤ ਕਰਵਾਉਣ ਤਲਵੰਡੀ ਸਾਬੋ ਆਏ ਸਨ। ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸਨ।
ਕੀਮਤੀ ਮਨੁੱਖੀ ਜਾਨਾਂ ਬਚਾਉਣ ਦੀ ਕੀਮਤ ’ਤੇ ਮੁਨਾਫਾ ਕਮਾਉਣ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਮੁਨਾਫੇ ਬਖਸ਼ਣ ਦੀ ਆਗਿਆ ਦੇਣ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਬੀਰ ਸਿੱਧੂ ਮਾਮਲੇ ਬਾਰੇ ਅਗਿਆਨਤਾ ਪ੍ਰਗਟਾ ਕੇ ਬਚ ਨਹੀਂ ਸਕਦੇ ਕਿਉਂਕਿ ਇਹ ਉਹਨਾਂ ਦੇ ਵਿਭਾਗ ਦੇ ਅਫਸਰ ਹਨ ਜਿਹਨਾਂ ਨੇ ਇਸ ਕਾਰਵਾਈ ਦੀ ਇਜਾਜ਼ਤ ਦਿੱਤੀ। ਉਹਨਾਂ ਕਿਹਾ ਕਿ ਸਿੱਧੂ ਨੁੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਕਥਿਤ ਬਹੁ ਕਰੋੜੀ ਘੁਟਾਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਮੇਂ ਸਿਰ ਕਾਰਵਾਈ ਨਾ ਕਰ ਕੇ ਅਤੇ ਮਨੁੱਖਤਾ ਖਿਲਾਫ ਇਸ ਅਪਰਾਧ ਬਾਰੇ ਹੁਣ ਤੱਕ ਚੁੱਪ ਰਹਿ ਕੇ ਕਥਿਤ ਘੁਟਾਲੇ ਨੂੰ ਉਤਸ਼ਾਹਿਤ ਕੀਤਾ ਹੈ।
ਉਹਨਾ ਕਿਹਾ ਕਿ ਬਜਾਏ ਇਸ ਸਿਹਤ ਐਮਰਜੰਸੀ ਵੇਲੇ ਲੋਕਾਂ ਦੀ ਸੇਵਾ ਕਰਨ ਦੇ ਅਤੇ ਆਮ ਆਦਮੀ ਨੂੰ ਮੁਫਤ ਵੈਕਸੀਨ ਤੇਜ਼ ਰਫਤਾਰ ਲਗਾਉਣ ਦੇ, ਮੁੱਖ ਮੰਤਰੀ 400 ਰੁਪਏ ਪ੍ਰਤੀ ਵੈਕਸੀਨ ਡੋਜ਼ ਪ੍ਰਾਪਤ ਕਰ ਕੇ ਲੋਕਾਂ ਨੂੰ 1560 ਤੋਂ ਲੈ ਕੇ 2100 ਰੁਪਏ ਤੱਕ ਦੇਣ ਲਈ ਮਜਬੂਰ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਪਹਿਲਾਂ 400 ਰੁਪਏ ਨੂੰ ਮਿਲੀ ਵੈਕਸੀਨ ਦੀ ਕੀਮਤ ਵਧਾ ਕੇ 1060 ਰੁਪਏ ਕੀਤੀ ਤੇ ਫਿਰ ਪ੍ਰਾਈਵੇਟ ਹਸਪਤਾਲਾਂ ਨੂੰ ਇਹੀ ਵੈਕਸੀਨ 1560 ਰੁਪਏ ਵਿਚ ਵੇਖਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਇਹ ਖੁਲ੍ਹੀ ਲੁੱਟ ਹੈ ਤੇ ਮੁੱਖ ਮੰਤਰੀ ਦੋਸ਼ੀਆਂ ਦਾ ਬਚਾਅ ਕਰਨ ਦੀ ਥਾਂ ਦਿੱਸਣ ਕਿ ਇਹ ਉਹਨਾਂ ਦੀ ਨਿਗਰਾਨੀ ਹੇਠ ਕਿਵੇਂ ਵਾਪਰਿਆ।
ਬਾਦਲ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਕਿਵੇਂ ਮੁੱਖ ਸਕੱਤਰ ਪੰਜਾਬ ਸਰਕਾਰ ਕੋਲ ਕੰਟਰੋਲ ਰੇਟ ’ਤੇ ਆਈ ਵੈਕਸੀਨ ਮੁਨਾਫਾ ਕਮਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਤੇ ਫਿਰ ਹਸਪਤਾਲਾਂ ਵੱਲੋਂ ਅੱਗੇ ਮਹਿੰਗੀ ਵੇਚਣ ਦੀ ਇਸ ਸਾਜ਼ਿਸ਼ ਵਿਚ ਮੋਹਰਾ ਕਿਵੇਂ ਬਣ ਗਏ। ਮੁੱਖ ਸਕੱਤਰ ਨੇ ਬਜਾਏ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਉਪਲਬਧ ਹੋਣ ਦੀ ਜਾਣਕਾਰੀ ਦੇਣ ਦੇ ਪ੍ਰਾਈਵੇਟ ਹਸਪਤਾਲਾਂ ਦੇ ਨਾਂ ਟਵੀਟ ਕਰ ਕੇਲੋਕਾਂ ਨੂੰ ਕਿਹਾ ਸੀ ਕਿ ਉਹ ਮਹਿੰਗੇ ਭਾਅ ਇਹਨਾਂ ਹਸਪਤਾਲਾਂ ਤੋਂ ਵੈਕਸੀਨ ਲਗਵਾ ਲੈਣ। ਅਕਾਲੀ ਦਲ ਦੇ ਪ੍ਰਧਾਨ ਨੇ ਇੰਦਰਾ ਗਾਂਧੀ ਦੇ ਹੁਕਮਾਂ ’ਤੇ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਤੇ ਹਮਲਾ ਕਰਨ ਦੀ ਵਰ੍ਹੇਗੰਢ ’ਤੇ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਨਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2500 ਸਰੂਪ ਵੀ ਅਗਨ ਭੇਂਟ ਕੀਤੇ ਗਏ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜਿਹੜੇ ਆਗੂਆਂ ਨੇ ਇਸ ਹਮਲੇ ਦੀ ਵਡਿਆਈ ਕੀਤੀ ਸੀ, ਅੱਜ ਗਾਂਧੀ ਪਰਿਵਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਹੁਦੇ ਦੇ ਕੇ ਨਿਵਾਜ ਰਿਹਾ ਹੈ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਨੂੰ ਵੱਡੇ ਅਹੁਦੇ ਬਖਸ਼ੇ ਜਦੋਂ ਕਿ ਉਹਨਾਂ ਦੇ ਪਿਤਾ ਕ੍ਰਮਵਾਰ ਬਲਰਾਮ ਜਾਖੜ ਤੇ ਸੰਤੋਖ ਸਿੰਘ ਰੰਧਾਵਾ ਨੇ ਇੰਦਰਾ ਗਾਂਧੀ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਸੀ।
ਬੀਬੀ ਜਗੀਰ ਕੌਰ ਨੇ ਇਸ ਮੌਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਨੂੰ ਗੋਲੀ ਲੱਗੀ ਸੀ, ਉਸਨੂੰ ਪਹਿਲੀ ਵਾਰ ਦਰਬਾਰ ਸਾਹਿਬ ਕੰਪਲੈਕਸ ਵਿਚ ਗੁਰਦੁਆਰਾ ਸ਼ਹੀਦ ਗੰਜ ਬਾਬਾ ਬਖਸ਼ੀਸ਼ ਸਿੰਘ ਵਿਚ ਪਹਿਲੀ ਵਾਰ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਆ ਰਹੀ ਹੈ। ਉਹਨਾ ਕਿਹਾ ਕਿ ਸ਼ਰਧਾਲੂ ਆਪ ਆ ਕੇ ਵੇਖ ਰਹੇ ਹਨ ਕਿ ਇੰਦਰਾ ਗਾਂਧੀ ਨੇ ਅਪਰੇਸ਼ਨ ਬਲੂ ਸਟਾਰ ਵੇਲੇ ਸ੍ਰੀ ਦਰਬਾਰ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਨਹੀਂ ਬਖਸ਼ੇ। ਉਹਨਾਂ ਨੇ ਸੰਗਤ ਨੁੰ ਬੇਨਤੀ ਕੀਤੀ ਕਿ 6 ਜੂਨ ਨੂੰ ਕਾਂਗਰਸੀ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ।