ਇੱਕ ਹੀ ਪਰਿਵਾਰ ਪਰਿਵਾਰ ਦੀਆਂ ਤਿੰਨ ਪੁਸ਼ਤਾਂ ਨੇ ਵਜ਼ੀਰ ਬਣਨ ਦਾ ਬਣਾਇਆ ਰਿਕਾਰਡ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ,26 ਸਤੰਬਰ 2021-ਗੁਰਕੀਰਤ ਸਿੰਘ ਕੋਟਲ਼ੀ ਦੇ ਸੂਬਾਈ ਵਜ਼ੀਰ ਬਣਨ ਨਾਲ ਪੰਜਾਬ ਦੇ ਸਿਆਸੀ ਇਤਿਹਾਸ ਚ ਇੱਕ ਹੀ ਪਰਿਵਾਰ ਦੀਆਂ ਤਿੰਨ ਪੁਸ਼ਤਾਂ ਵੱਲੋਂ ਵਜ਼ੀਰ ਬਣਨ ਦਾ ਇੱਕ ਨਵਾਂ ਰਿਕਾਰਡ ਵੀ ਕਾਇਮ ਹੋ ਗਿਆ ਹੈ। ਇਹਤੋਂ ਪਹਿਲਾਂ ਦਾਦਾ , ਪੁੱਤ ਤੇ ਪੋਤੇ ਵੱਲੋਂ ਆਪੋ ਆਪਣੇ ਸਮੇਂ ਦੌਰਾਨ ਪੰਜਾਬ ਦੀ ਵਜ਼ਾਰਤ ਚ ਕਦਮ ਰੱਖਣ ਦੀ ਕੋਈ ਮਿਸਾਲ ਨਹੀਂ ਸੀ।ਗੁਰਕੀਤ ਸਿੰਘ ਕੋਟਲ਼ੀ ਤੋਂ ਪਹਿਲਾਂ ਉਹਨਾਂ ਪਿਤਾ ਤੇਜ ਪ੍ਰਕਾਸ਼ ਸਿੰਘ ਅਤੇ ਉਹਨਾਂ ਦੇ ਦਾਦਾ ਬੇਅੰਤ ਸਿੰਘ ਆਪੋ ਆਪਣੇ ਸਮਿਆਂ ਦੀਆਂ ਵਜ਼ਾਰਤਾਂ ਵਿੱਚ ਕੈਬਨਿਟ ਵਜ਼ੀਰ ਰਹਿ ਚੁੱਕੇ ਹਨ ਬਲਕਿ ਸ੍ਰ ਬੇਅੰਤ ਸਿੰਘ ਤਾਂ ਵਜ਼ੀਰੇ ਆਲਾ (ਮੁੱਖ ਮੰਤਰੀ) ਵੀ ਰਹੇ ਹਨ।
ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕੈਬਨਿਟ ਚ ਵਜ਼ੀਰ ਬਣੇ ਗੁਰਕੀਰਤ ਸਿੰਘ ਕੋਟਲ਼ੀ ਦੇ ਪਿਤਾ ਤੇਜ ਪ੍ਰਕਾਸ਼ ਸਿੰਘ 1995 ਤੋਂ 1997 ਤੱਕ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ਼ ਦੀ ਵਜ਼ਾਰਤ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਹੇ।ਤੇਜ ਪ੍ਰਕਾਸ਼ ਸਿੰਘ ਦੇ ਪਿਤਾ ਬੇਅੰਤ ਸਿੰਘ 1980 ਤੋਂ 1982 ਤੱਕ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਵਜ਼ਾਰਤ ਵਿੱਚ ਪਹਿਲਾਂ ਮਾਲ ਮਹਿਕਮੇ ਤੇ ਫਿਰ ਪੀ.ਡਬਲਿਊ .ਡੀ ਮਹਿਕਮੇ ਦੇ ਵਜ਼ੀਰ ਰਹੇ ਤੇ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ।
ਇੱਕੋ ਹੀ ਪਰਿਵਾਰ ਦੀਆਂ ਤਿੰਨ ਪੁਸ਼ਤਾਂ ਵੱਲੋਂ ਵਿਧਾਨ ਦੇ ਮੈਂਬਰ ਬਨਣ ਦੇ ਰਿਕਾਰਡ ਦੀ ਬਰਾਬਰੀ ਵੀ ਕੋਟਲ਼ੀ ਪਰਿਵਾਰ ਨੇ 9 ਸਾਲ ਪਹਿਲਾਂ ਹੀ ਉਦੋਂ ਕਰ ਲਈ ਸੀ ਜਦੋਂ 2012 ਚ ਗੁਰਕਰੀਤ ਸਿੰਘ ਕੋਟਲ਼ੀ ਨੇ ਖੰਨੇ ਤੋਂ ਇਲੈਕਸ਼ਨ ਜਿੱਤ ਕੇ ਵਿਧਾਨ ਦੀ ਮੈਂਬਰੀ ਹਾਸਿਲ ਕੀਤੀ ਸੀ। 2017 ਚ ਦੂਜੀ ਵਾਰੀ ਐਮ.ਐਲ.ਏ. ਬਣੇ ਗੁਰਕੀਰਤ ਸਿੰਘ ਦੇ ਪਿਤਾ ਦੋ ਵਾਰ ਅਤੇ ਉਹਨਾਂ ਦੇ ਦਾਦਾ ਬੇਅੰਤ ਸਿੰਘ 5 ਦਫ਼ਾ ਪੰਜਾਬ ਵਿਧਾਨ ਦੇ ਮੈਂਬਰ ਬਣੇ ਸਨ।ਇਹਤੋਂ ਪਹਿਲਾਂ ਤਿੰਨ ਪੁਸ਼ਤਾਂ ਵੱਲੋਂ ਪੰਜਾਬ ਵਿਧਾਨ ਵਿਧਾਨ ਦੇ ਮੈਂਬਰ ਮੈਂਬਰ ਬਣਨ ਵਾਲਾ ਰਿਕਾਰਡ ਬਣਾਉਣ ਚ ਕੈਰੋਂ ਪਰਿਵਾਰ ਦਾ ਹੀ ਨਾਂਅ ਸਾਹਮਣੇ ਆਉਂਦਾ ਹੈ ਜੀਹਦੇ ਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਉਹਨਾਂ ਦਾ ਬੇਟਾ ਸੁਰਿੰਦਰ ਸਿੰਘ ਕੈਰੋਂ ਅਤੇ ਪੋਤਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਐਮ.ਐਲ.ਏ. ਬਣਦੇ ਰਹੇ।
(ਗੁਰਪ੍ਰੀਤ ਸਿੰਘ ਮੰਡਿਆਣੀ ਸੰਪਰਕ - ਮੋ. +91 88726 64000)