ਮਹਿਕਮਿਆਂ ਦੀ ਵੰਡ 'ਤੇ ਵੀ ਪਿਆ ਰੇੜਕਾ -ਨਹੀਂ ਹੋਇਆ ਕੋਈ ਫ਼ੈਸਲਾ
ਚੰਡੀਗੜ੍ਹ, 27 ਸਤੰਬਰ, 2021: ਪੰਜਾਬ ਦੀ ਨਵੀਂ ਬਣੀ ਚੰਨੀ ਵਜ਼ਾਰਤ ਲਈ ਵਜ਼ੀਰਾਂ ਦੀ ਚੋਣ ਵਾਂਗ ਹੀ ਮਹਿਕਮਿਆਂ ਦੀ ਵੰਡ ਬਾਰੇ ਵੀ ਰੇੜਕਾ ਪਿਆ ਲਗਦਾ ਹੈ .ਇਸੇ ਲਈ ਰਾਤੀਂ 10.30 ਵਜੇ ਇਹ ਖ਼ਬਰ ਲਿਖੇ ਜਾਂ ਤੱਕ ਮੰਤਰੀਆਂ ਨੂੰ ਮਹਿਕਮੇ ਅਲਾਟ ਨਹੀਂ ਹੋਏ. 15 ਵਜ਼ੀਰਾਂ ਦੇ ਸਹੁੰ ਚੁੱਕ ਸਮਾਗਮ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਉਹ ਬਿਨ ਮਹਿਕਮੇ ਹਨ . ਇੱਥੋਂ ਤੱਕ ਕਿ ਇੱਕ ਹਫ਼ਤਾ ਪਹਿਲਾਂ ਹਲਫ਼ ਲੈ ਚੁੱਕੇ ਡਿਪਟੀ ਮੁੱਖ ਮੰਤਰੀ ਵੀ ਅਜੇ ਤੱਕ ਬਿਨ ਮਹਿਕਮੇ ਹਨ . ਸ਼ਾਇਦ ਇਹ ਪੰਜਾਬ ਵਿਚ ਪਹਿਲੀ ਵਾਰ ਹੋਇਆ ਹੋਵੇ ਕਿ ਇੰਨਾ ਲੰਮਾ ਸਮਾਂ ਦੋ ਡਿਪਟੀ ਮੁੱਖ ਮੰਤਰੀ ਬਿਨ ਮਹਿਕਮੇ ਦੇ ਰਹੇ ਹੋਣ .
ਇਹ ਪਤਾ ਲੱਗਾ ਹੈ ਕਿ ਚੰਗੇ ਅਤੇ ਮਨ ਮਰਜ਼ੀ ਦੇ ਮਹਿਕਮੇ ਲੈਣ ਦੀ ਕਸ਼ਮ-ਕਸ਼ ਕਰ ਕੇ ਮੁੱਖ ਮੰਤਰੀ ਚੰਨੀ , ਇਸ ਵੰਡ ਬਾਰੇ ਨਿਬੇੜਾ ਨਹੀਂ ਕਰ ਸਕੇ. ਉਂਝ ਉਹ ਕੱਲੇ , ਕੱਲੇ ਵਜ਼ੀਰ ਨਾਲ ਇਸ ਬਾਰੇ ਗੱਲਬਾਤ ਕਰਕੇ ਕੋਈ ਵਿਚਲਾ ਰਾਹ ਕੱਢਣ ਦਾ ਯਤਨ ਕਰ ਰਹੇ ਹਨ .
ਇਹ ਵੀ ਚਰਚਾ ਹੈ ਕਿ ਮਹਿਕਮਿਆਂ ਦੀ ਵੰਡ ਦਾ ਨਿਬੇੜਾ ਵੀ ਕਾਂਗਰਸ ਹਾਈ ਕਮਾਂਡ ਦੇ ਹੱਥ ਹੀ ਜਾ ਸਕਦਾ ਹੈ .ਇਸ ਮਾਮਲੇ ਵਿਚ ਨਵਜੋਤ ਸਿੱਧੂ ਦੀ ਮਰਜ਼ੀ ਅਤੇ ਦਾਖਲ ਹੋਣਾ ਵੀ ਸੁਭਾਵਿਕ ਹੈ .ਸਭ ਤੋਂ ਵੱਧ ਅਹਿਮ ਮਸਲਾ ਹੋਮ ਡਿਪਾਰਟਮੈਂਟ ਦਾ ਹੈ ਕਿ ਕੀ ਸੀ ਐਮ ਇਸ ਨੂੰ ਖ਼ੁਦ ਆਪਣੇ ਕੋਲ ਰੱਖੇ ਜਾਂ ਕਿਸੇ ਸੀਨੀਅਰ ਵਜ਼ੀਰ ਦੇ ਹਵਾਲੇ ਕਰੇ .ਉਂਜ ਚਰਚਾ ਇਹੀ ਹੁੰਦੀ ਰਹੀ ਹੈ ਕਿ ਇਹ ਜ਼ਿੰਮੇਵਾਰੀ ਰੰਧਾਵਾ ਨੂੰ ਦਿੱਤੀ ਜਾਵੇਗੀ ਪਰ ਅਜੇ ਕੁਝ ਵੀ ਸਪਸ਼ਟ ਨਹੀਂ.
ਆਮ ਤੌਰ ਤੇ ਹੁਣ ਤੱਕ ਪੰਜਾਬ 'ਚ ਹੋਮ ਮਹਿਕਮਾ ਮੁੱਖ ਮੰਤਰੀ ਆਪਣੇ ਕੋਲ ਹੀ ਰੱਖਦਾ ਹੈ ਪਰ ਬਾਦਲ ਸਰਕਾਰ ਦੌਰਾਨ ਬਾਦਲ ਨੇ ਹੋਮ ਡਿਪਟੀ ਸੀ ਐਮ ਸੁਖਬੀਰ ਬਾਦਲ ਨੂੰ ਦਿੱਤਾ ਹੋਇਆ ਸੀ .
ਇਹ ਵੀ ਪਤਾ ਨਹੀਂ ਕਿ ਮੁੱਖ ਮੰਤਰੀ ਅਤੇ ਹਾਈ ਕਮਾਂਡ ਵੱਲੋਂ ਵਜ਼ੀਰਾਂ ਦੀ ਜੋ ਚੋਣ ਕੀਤੀ ਗਈ ਹੈ ਇਸ ਤੋਂ ਨਵਜੋਤ ਸਿੱਧੂ ਸੰਤੁਸ਼ਟ ਹਨ ਜਾਂ ਨਹੀਂ ?
ਤਾਜ਼ਾ ਜਾਣਕਾਰੀ ਅਨੁਸਾਰ ਕੁਝ ਇੱਕ ਮੰਤਰੀਆਂ ਨੇ ਦਿੱਲੀ ਹਾਈ ਕਮਾਂਡ ਤੱਕ ਪਹੁੰਚ ਵੀ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਮਨ ਚਾਹੇ ਮਹਿਕਮੇ ਮਿਲ ਸਕਣ .
https://fb.watch/8hKvkwBFMT/