ਕਰਤਾਰਪੁਰ ਜਾਣ ਵਾਲੇ ਪੰਜਾਬ ਦੇ ਮੁੱਖ ਮੰਤਰੀ , ਵਜ਼ੀਰਾਂ ਤੇ ਸਿੱਧੂ ਸਮੇਤ ਹੋਰ ਵੀ ਆਈ ਪੀਜ਼ ਦੀਆਂ ਤਾਰੀਖ਼ਾਂ ਕਿਸ ਨੇ ਕੀਤੀਆਂ ਤਹਿ ?
ਚੰਡੀਗੜ੍ਹ , 18 ਨਵੰਬਰ , 2021: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪੰਜਾਬ ਦੇ ਪਹਿਲੇ ਵੀ ਆਈ ਪੀ ਡੈਲੀਗੇਸ਼ਨ ਵਿਚੋਂ ਕਿਸ ਨੇ ਪਹਿਲੇ ਦਿਨ ਜਾਨਾਂ ਹੈ ਕਿਸ ਨੇ 19 ਨਵੰਬਰ ਨੂੰ ਗੁਰਪੁਰਬਾਂ ਵਾਲੇ ਦਿਨ ਅਤੇ ਕਿਸ ਦੀ ਵਾਰੀ 20 ਨਵੰਬਰ ਨੂੰ ਹੋਵੇਗੀ , ਇਹ ਫ਼ੈਸਲਾ ਕਿਸ ਨੇ ਕੀਤਾ ? ਇਹ ਮੁੱਦਾ ਸਿਆਸੀ ਹਲਕਿਆਂ ਅਤੇ ਖ਼ਾਸ ਕਰਕੇ ਕਾਂਗਰਸ ਪਾਰਟੀ ਅੰਦਰ ਤਿੱਖੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ . ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਮੇਤ ਜਿਹੜੇ ਵਜ਼ੀਰ , ਵਿਧਾਇਕ ਜਾਂ ਨੇਤਾਵਾਂ ਨੂੰ ਪਹਿਲੇ ਦਿਨ ਜਾਂ ਗੁਰਪੁਰਬ ਭਾਵ 19 ਨਵੰਬਰ ਨੂੰ ਵੀ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਮਿਲੀ, ਉਨ੍ਹਾਂ ਦਾ ਨਾਰਾਜ਼ ਹੋਣਾ ਜਾਂ ਦੁਖੀ ਹੋਣਾ ਸੁਭਾਵਿਕ ਹੈ .ਇੱਥੋਂ ਤੱਕ ਕਿ ਕੁਝ ਸਿਆਸੀ ਹਲਕੇ ਅਜਿਹੇ ਪ੍ਰਭਾਵ ਵੀ ਦੇ ਰਹੇ ਹਨ ਕਿ ਤਿੰਨ ਦੀਆਂ ਦੀ ਇਹ ਵੰਡ ਪੰਜਾਬ ਸਰਕਾਰ ਨੇ ਕਰਾਈ ਹੈ ਜਾਂ ਇਸ ਦੀ ਭੂਮਿਕਾ ਹੈ ਕਿਉਂਕਿ ਯਾਤਰੀਆਂ ਦੀ ਪਹਿਲੀ ਲਿਸਟ ਚੰਨੀ ਸਰਕਾਰ ਨੇ ਹੀ ਭੇਜੀ ਸੀ .ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਮਰਥਕ ਇਸ ਗੱਲ ਤੇ ਕਾਫ਼ੀ ਖ਼ਫ਼ਾ ਹਨ ਕਿ ਸਿੱਧੂ ਨੂੰ ਕਿਉਂ ਗੁਰਪੁਰਬ ਫੇਰੀ ਤੋਂ ਵਾਂਝੇ ਰੱਖਿਆ ਗਿਆ ਅਤੇ ਇਸ ਪਿੱਛੇ ਉਹ ਸਾਜ਼ਿਸ਼ ਦਾ ਦੋਸ਼ ਲਾ ਰਹੇ ਹਨ .
ਪਰ ਕਾਂਗਰਸ ਅੰਦਰ ਚੱਲ ਰਹੀ ਇਸ ਕਸ਼ਮਕਸ਼ ਦੌਰਾਨ ਬਾਬੂਸ਼ਾਹੀ ਨੂੰ ਅਜਿਹੇ ਦੋ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਤੋਂ ਇਹ ਹਕੀਕਤ ਕਾਫ਼ੀ ਹੱਦ ਤੱਕ ਸਪਸ਼ਟ ਹੁੰਦੀ ਹੈ ਕਿ ਪਹਿਲੇ ਜਥੇ ਦੀ ਤਿੰਨ ਦਿਨਾਂ ਵਿਚ ਵੰਡ ਕਿਸ ਨੇ ਕੀਤੀ ਅਤੇ ਕਿਸ ਦੀ ਮਰਜ਼ੀ ਚੱਲੀ ?
ਇਨ੍ਹਾਂ ਵਿਚ ਪਹਿਲਾ ਡਾਕੂਮੈਂਟ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਭੇਜੀ 52 ਜਣਿਆਂ ਦੀ ਲਿਸਟ ਹੈ ਜੋਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਜਥੇ ਵਜੋਂ ਕੇਂਦਰ ਨੂੰ ਭੇਜੀ ਗਈ ਸੀ . ਇਸ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ 11 ਵਜ਼ੀਰਾਂ , ਵਿਧਾਇਕਾਂ , ਅਫ਼ਸਰ ਅਤੇ ਕੁਝ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਸਨ . ਇਸ ਲਿਸਟ ਵਿਚ ਨਵਜੋਤ ਸਿੱਧੂ ਦਾ ਨਾਮ 13ਵੇਂ ਸਥਾਨ ਤੇ ਸੀ ਅਤੇ 14 ਵੇਂ ਥਾਂ ਤੇ ਹਰੀਸ਼ ਚੌਧਰੀ ਦਾ ਨਾਮ ਸੀ ਜੋ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਹਨ .
ਇਹ ਲਿਸਟ ਪੰਜਾਬ ਦੇ ਏ ਡੀ ਜੀ ਪੀ ਇੰਟੈਲੀਜੈਂਸ ਵੱਲੋਂ ਕਲੀਅਰ ਕਰਕੇ ਕੇਂਦਰ ਨੂੰ ਭੇਜੀ ਗਈ ਸੀ .
ਬਾਬੂਸ਼ਾਹੀ ਕੋਲ ਦੂਜਾ ਦਸਤਾਵੇਜ਼ ਉਹ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਇਸ ਲਿਸਟ ਦੇ ਆਧਾਰ ਤੇ ਕਰਤਾਰਪੁਰ ਸਾਹਿਬ ਜਾਂ ਦੀ ਪ੍ਰਵਾਨਗੀ ਦਿੱਤੀ ਗਈ ਸੀ .ਇਸ ਵਿਚ ਇੱਕ ਚਿੱਠੀ ਰਾਹੀਂ ਪੰਜਾਬ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਲਿਸਟ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਤਿੰਨ ਦਿਨਾਂ ਭਾਵ 18 ਨਵੰਬਰ ਤੋਂ 20 ਨਵੰਬਰ ਤੱਕ ਇਹ ਯਾਤਰਾ ਕਰਨ ਕਰ ਲਈ ਵਿਦੇਸ਼ ਮੰਤਰਾਲੇ ( ਐੱਮ.ਈ.ਏ.) ਨੇ ਸਿਆਸੀ ਕਲੀਅਰੈਂਸ ਦਿੱਤੀ ਗਈ ਹੈ .
ਇਸ ਦੇ ਨਾਲ ਹੀ ਤਾਰੀਖ਼ਵਾਰ ਉਹ ਤਿੰਨ ਲਿਸਟਾਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਅਨੁਸਾਰ ਇਨ੍ਹਾਂ ਦਿਨਾਂ ਵਿਚ ਜਾਣ ਵਾਲੇ ਵੀ ਆਈ ਪੀਜ਼ ਦੀ ਵੰਡ ਕੀਤੀ ਗਈ .
ਚੰਨੀ ਸਰਕਾਰ ਦੇ ਆਲ੍ਹਾ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਤਾਂ ਪਹਿਲੇ ਦਿਨ ਲਈ ਹੀ 52 ਦੀ ਲਿਸਟ ਕੇਂਦਰ ਨੂੰ ਭੇਜੀ ਗਈ ਸੀ ਪਰ ਕੇਂਦਰ ਸਰਕਾਰ ਦੇ ਪੱਧਰ ਤੇ ਪੰਜਾਬ ਸਰਕਾਰ ਨਾਲ ਕੋਈ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਆਪਣੇ ਆਪ ਇਸ ਦੀ ਤਿੰਨ ਹਿੱਸਿਆਂ ਵਿਚ ਵੰਡ ਕਰ ਦਿੱਤੀ ਗਈ. ਇਹ ਵੀ ਜ਼ਿਕਰ ਯੋਗ ਹੈ ਕਿ ਇਸ ਲਿਸਟ ਅਨੁਸਾਰ 44 ਜਣਿਆਂ ਨੂੰ ਹੀ ਕਰਤਾਰਪੁਰ ਜਾਣ ਦੀ ਆਗਿਆ ਦਿੱਤੀ ਗਈ ਭਾਵ ਪੰਜਾਬ ਸਰਕਾਰ ਵੱਲੋਂ ਭੇਜੀ ਲਿਸਟ ਵਿੱਚੋਂ ਵੀ 8 ਜਣੇ ਕੱਟੇ ਗਏ .
ਉੱਥੇ ਇਹ ਵੰਡ ਕਿਉਂ ਅਤੇ ਕਿਵੇਂ ਕੀਤੀ ਗਈ ਇਸ ਬਾਰੇ ਕੇਂਦਰ ਸਰਕਾਰ ਹੀ ਜਵਾਬ ਦੇ ਸਕਦੀ ਹੈ .
ਚੰਨੀ ਸਰਕਾਰ ਵੱਲੋਂ ਕੇਂਦਰ ਨੂੰ ਭੇਜੀ ਗਈ 52 ਜਣਿਆਂ ਦੀ ਲਿਸਟ ਲਈ ਕਲਿੱਕ ਕਰੋ :
https://drive.google.com/file/d/1SgW1hIxQ22vC_dvQxObNoC1hx8HHq6BB/view?usp=sharing
ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਹਿਣ ਜਾਣ ਦੀ ਆਗਿਆ ਅਤੇ ਤਿਨ ਹਿੱਸਿਆਂ ਵਿੱਚ ਕੀਤੀ ਵੰਡ ਦੀ ਕਾਪੀ ਲਈ ਕਲਿੱਕ ਕਰੋ :
https://drive.google.com/file/d/1H4ASVV1yhaJGyuMkShHz9SNDNqKMQIGA/view?usp=sharing
ਚੇਤੇ ਰਹੇ ਕਿ ਭਗਵੰਤ ਮਾਣ ਦੀ ਅਗਵਾਈ ਹੇਠ ਗੁਰਪੁਰਬ ਭਾਵ 19 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਆਪ ਦੇ ਜਥੇ ਨੂੰ ਵੀ ਕੇਂਦਰ ਨੇ ਮੰਜੂਰੀ ਨਹੀਂ ਦਿੱਤੀ .