ਡੇਰਾ ਸਿਰਸਾ ਵੱਲੋਂ ਪੈਰੋਕਾਰਾਂ ਦੀ ਸਿਆਸੀ ਨਬਜ਼ ਟੋਹਣ ਦਾ ਸਿਲਸਿਲਾ ਸ਼ੁਰੂ- ਪੰਜਾਬ ਭਰ ਦੇ ਨਾਮਚਰਚਾ ਘਰਾਂ 'ਚ ਕੀਤੇ ਵੱਡੇ ਇਕੱਠ
ਅਸ਼ੋਕ ਵਰਮਾ
ਬਠਿੰਡਾ, 28 ਨਵੰਬਰ 2021: ਡੇਰਾ ਸੱਚਾ ਸੌਦਾ ਸਿਰਸਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਰੋਕਾਰਾਂ ਦੀ ਨਬਜ਼ ਟੋਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕੁੱਝ ਦਿਨ ਪਹਿਲਾਂ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ਸਲਾਬਤਪੁਰਾ ਡੇਰੇ ’ਚ ਆਪਣੀ ਜੱਥੇਬੰਦਕ ਤਾਕਤ ਦਾ ਵਿਖਾਵਾ ਕਰਨ ਤੋਂ ਬਾਅਦ ਅੱਜ ਡੇਰਾ ਪ੍ਰਬੰਧਕਾਂ ਨੇ ਜਿਲ੍ਹਾ ਪੱਧਰ ਤੇ ਦੂਸਰਾ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਡੇਰਾ ਆਗੂਆਂ ਨੇ ਨਿੱਠ ਕੇ ਇਕੱਠ ਕੀਤੇ ਜਿਸ ਲਈ ਪਿਛਲੇ ਕਈ ਦਿਨਾਂ ਤੋਂ ਸਨੇਹੇਂ ਲਾਏ ਜਾ ਰਹੇ ਸਨ। ਪਿੰਡਾਂ ਵਿਚਲੇ ਆਗੂਆਂ ਜਿੰਨ੍ਹਾਂ ਨੂੰ ਡੇਰੇ ਦੀ ਭਾਸ਼ਾ ’ਚ ‘ਭੰਗੀਦਾਸ’ ਕਿਹਾ ਜਾਂਦਾ ਹੈ ਦੀ ਡਿਊਟੀ ਲਾਈ ਗਈ ਅਤੇ ਪੈਰੋਕਾਰਾਂ ਨੂੰ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ ।
ਇੱਕ ਬਲਾਕ ਭੰਗੀਦਾਸ ਨੇ ਦੱਸਿਆ ਕਿ ਅੱਜ ਸਿਰਫ ਵਿਆਹ ਸ਼ਾਦੀਆਂ ਜਾਂ ਫਿਰ ਕਿਸੇ ਗਮੀ ਦੀ ਸੂਰਤ ’ਚ ਕੁੱਝ ਪੈਰੋਕਾਰ ਨਹੀਂ ਆਏ ਜਦੋਂਕਿ ਬਹੁਤਿਆਂ ਨੇ ਅੱਜ ਨਾਮਚਰਚਾ ਸਮਾਗਮਾਂ ’ਚ ਹਾਜਰੀ ਭਰੀ ਹੈ। ਡੇਰਾ ਕਮੇਟੀ ਵੱਲੋਂ ਨਾਮਚਰਚਾ ਘਰਾਂ ‘ਚ ਕੀਤੇ ਇਕੱਠਾਂ ਦੌਰਾਨ ਡੇਰਾ ਪ੍ਰੇਮੀਆਂ ਨੂੰ ਏਕਤਾ ਦੇ ਮੰਤਰ ਰਾਹੀਂ ਪੂਰੀ ਤਰਾਂ ਇੱਕਜੁਟ ਰਹਿਣ ਦਾ ਸੱਦਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰਬੰਧਕਾਂ ਨੇ ਮਾਲਵੇ ਦੇ ਇੱਕ ਦਰਜਨ ਤੋਂ ਵੀ ਵੱਧ ਜਿਲਿ੍ਹਆਂ ’ਚ ਵੱਡੇ ਇਕੱਠ ਕੀਤੇ ਹਨ। ਇੰਨ੍ਹਾਂ ’ਚ ਬਾਦਲ ਪ੍ਰੀਵਾਰ ਦਾ ਸਿਆਸੀ ਗੜ੍ਹ ਬਠਿੰਡਾ ,ਮਾਨਸਾ, ਸ੍ਰੀ ਮੁਕਤਸਰ ਸਾਹਿਬ ਜਿਲਿਆਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਦੇ ਨਾਲ ਨਾਲ ਫਰੀਦਕੋਟ,ਬਰਨਾਲਾ,ਮੋਗਾ, ਲੁਧਿਆਣਾ ਜਿਲ੍ਹੇ ਦੇ ਰਾਏਕੋਟ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਆਦਿ ਮੁੱਖ ਤੌਰ ਤੇ ਸ਼ਾਮਲ ਹਨ।
ਡੇਰਾ ਸਿਰਸਾ ਇੰਨ੍ਹਾਂ ਦਿਨਾਂ ’ਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰੂਹਾਨੀ ਜਨਮ ਮਹੀਨਾ ਮਨਾ ਰਿਹਾ ਹੈ। ਆਖਿਆ ਇਹੋ ਜਾ ਰਿਹਾ ਹੈ ਕਿ ਇਸ ਮਹੀਨੇ ਵਿਚ ਮਾਨਵਤਾ ਦੀ ਭਲਾਈ ਜਿਵੇਂ ਗਰੀਬ ਲੋੜਵੰਦਾਂ ਨੂੰ ਕੰਬਲ ਅਤੇ ਰਾਸ਼ਨ ਆਦਿ ਦੀ ਵੰਡ ਕੀਤੀ ਜਾਣੀ ਹੈ। ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਤੀਸਰੀ ਵਾਰ ਸ਼ਜਾ ਸੁਣਾਏ ਜਾਣ ਮਗਰੋਂ ਡੇਰਾ ਆਗੂ ਹੁਣ ਪੈਰੋਕਾਰਾਂ ਦਾ ਸਿਆਸੀ ਰੌਂਅ ਜਾਣਨ ਦੇ ਰਾਹ ਤੁਰੇ ਹਨ। ਇਸ ਦੇ ਨਾਲ ਹੀ ਡੇਰਾ ਪ੍ਰਬੰਧਕ ਹੁਣ ਆਪਣਾ ਸਿਆਸੀ ਵਜ਼ਨ ਮਾਪਣ ਦੇ ਰਸਤੇ ਪੈਣ ਦੀ ਤਿਆਰੀ ’ਚ ਦੱਸੇ ਜਾ ਰਹੇ ਹਨ। ਪਿਛਲੇ 15 ਵਰਿ੍ਹਆਂ ਦੌਰਾਨ ਬਣੀਆਂ ਤਿੰਨ ਸਰਕਾਰਾਂ ਦੇ ਰਾਜ ਭਾਗ ’ਚ ਡੇਰਾ ਪ੍ਰੇਮੀਆਂ ਨਾਲ ਵਰਤੇ ਕਈ ਤਰਾਂ ਦੇ ਵਰਤਾਰੇ ਉਪਰੰਤ ਡੇਰੇ ਦੇ ਰਾਜਸੀ ਵਿੰਗ ਵੱਲੋਂ ਸਿਆਸੀ ਤੌਰ ’ਤੇ ਕੋਈ ਫੈਸਲਾ ਲਿਆ ਜਾਣਾ ਹੈ।
ਵੇਰਵਿਆਂ ਅਨੁਸਾਰ ਡੇਰਾ ਸਿਰਸਾ ਨੇ ਜਨਮ ਮਹੀਨਾ ਮਨਾਉਣ ਦੇ ਬਹਾਨੇ ਸਿਆਸੀ ਪਕੜ ਵੇਖਣੀ ਸ਼ੁਰੂ ਕੀਤੀ ਹੈ ਜਿਸ ਨੂੰ ਲੈਕੇ ਸਿਆਸੀ ਧਿਰਾਂ ਵੀ ਚੌਕਸ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਅੱਜ ਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਸਮਾਗਮਾਂ ਤੋਂ ਪਾਸਾ ਵੱਟਿਆ ਹੈ। ਸੰਗਰੂਰ ਸਮਾਗਮ ਦੌਰਾਨ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਸ਼ਾਮਲ ਹੋਏ ਅਤੇ ਡੇਰਾ ਆਗੂਆਂ ਨਾਲ ਕਾਫੀ ਸਮਾਂ ਬਿਤਾਇਆ। ਕਈ ਥਾਵਾਂ ਤੇ ਸਿਆਸੀ ਪਾਰਟੀਆਂ ਨਾਲ ਸਬੰਧਤ ਹੇਠਲੇ ਪੱਧਰ ਦੇ ਕਾਰਕੁੰਨ ਜਰੂਰ ਨਾਮਚਰਚਾ ਸਮਾਗਮਾਂ ’ਚ ਪੁੱਜੇ ਜਿੰਨ੍ਹਾਂ ਨੇ ਡੇਰੇ ਦੇ ਬੁਲਾਰਿਆਂ ਦੀ ਸੁਰ ਵੱਲੋਂ ਪੂਰਾ ਧਿਆਨ ਕੇਂਦਰਿਤ ਕਰਕੇ ਰੱਖਿਆ। ਆਪਣੇ ਸੰਬੋਧਨ ਦੌਰਾਨ ਡੇਰਾ ਸਿਰਸਾ ਦੇ 45 ਮੈਂਬਰ ਬਲਜਿੰਦਰ ਸਿੰਘ ਬਾਂਡੀ ਨੇ ਕਿਹਾ ਕਿ ਇਸ ਵਕਤ ਦੇ ਹਾਲਾਤਾਂ ਮੁਤਾਬਕ ਏਕਤਾ ਦੀ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਏਕੇ ਨਾਲ ਵੱਡੇ ਤੋਂ ਵੱਡਾ ਕੰਮ ਵੀ ਸੌਖਾਲਾ ਹੋ ਜਾਂਦਾ ਹੈ।
ਡੇਰਾ ਆਗੂ ਗੁਰਮੇਲ ਸਿੰਘ ਬਠਿੰਡਾ ਵੱਲੋਂ ਦਿੱਤੇ ਏਕਤਾ ਦੇ ਸੱਦੇ ਨੂੰ ਡੇਰਾ ਸ਼ਰਧਾਲੂਆਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਅੱਜ ਦੇ ਸਮਾਗਮ ਦੌਰਾਨ ਰਾਜਨੀਤਕ ਵਿੰਗ ਦੇ ਮੈਂਬਰ ਸ਼ਿੰਦਰਪਾਲ ਸਿੰਘ ਪੱਕਾ ਹਾਜਰ ਸਨ ਪਰ ਉਨ੍ਹਾਂ ਜਨਤਕ ਤੌਰ ਤੇ ਸੰਬੋਧਨ ਨਹੀਂ ਕੀਤਾ। ਅੱਜ ਜਿਆਦਾਤਰ ਸਮਾਗਮਾਂ ਦੌਰਾਨ ਕੇਂਦਰੀ ਖੁਫੀਆਂ ਏਜੰਸੀਆਂ ਅਤੇ ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ਨੇ ਵੀ ਤਿੱਖੀ ਨਜ਼ਰ ਰੱਖੀ। ਅੱਜ ਇਸ ਪੱਤਰਕਾਰ ਵੱਲੋਂ ਬਠਿੰਡਾ ਡੱਬਵਾਲੀ ਸੜਕ ਤੇ ਬਣੇ ਸਥਾਨਕ ਡੇਰੇ ’ਚ ਸੱਦੇ ਇਕੱਠ ਦੌਰਾਨ ਅੱਧੀ ਦਰਜਨ ਡੇਰਾ ਪੈਰੋਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਨੂੰ ਸੁਣਾਈਆਂ ਸਜ਼ਾਵਾਂ ਨੂੰ ਲੈਕੇ ਡਾਢੇ ਦੁਖੀ ਹਨ।
ਡੇਰਾ ਸਿਰਸਾ ਦਾ ਵੱਡਾ ਤੇ ਫੈਸਲਾਕੁੰਨ ਆਧਾਰ ਮਾਲਵੇ ਦੇ ਕਈ ਜ਼ਿਲਿ੍ਹਆਂ ਵਿਚ ਹੈ ਜੋ ਸਿਆਸੀ ਧਿਰਾਂ ਲਈ ਖਿੱਚ੍ਹ ਦਾ ਕਾਰਨ ਬਣਦਾ ਹੈ। ਪਤਾ ਲੱਗਾ ਹੈ ਕਿ ਡੇਰਾ ਸਿਰਸਾ ਨੇ ਉੱਚ ਪੱਧਰੀ ਟੀਮਾਂ ਬਣਾਈਆਂ ਹਨ ਜਿੰਨ੍ਹਾਂ ਤਰਫੋਂ ਆਉਂਦੇ ਦਿਨੀ ਪੈਰੋਕਾਰਾਂ ਦੀ ਇੱਕਜੁਟਤਾ ਅਤੇ ਲਾਮਬੰਦੀ ਕੀਤੀ ਜਾਣੀ ਹੈ।
ਕੋਈ ਸਿਆਸੀ ਗਤੀਵਿਧੀ ਨਹੀਂ:ਗੁਰਦੇਵ ਸਿੰਘ
ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਗੁਰਦੇਵ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ੱਜ ਕਿਸੇ ਕਿਸਮ ਦੀ ਕੋਈ ਸਿਆਸੀ ਗਤੀਵਿਧੀ ਨਹੀਂ ਕੀਤੀ ਜਾ ਰਹੀ ਬਲਕਿ ਡੇਰਾ ਪੈਰੋਕਾਰ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨਾ ਦਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਵੀ ਮਾਨਵਤਾ ਭਲਾਈ ਕਾਰਜ ਕੀਤੇ ਜਾਣੇ ਹਨ ਅਤੇ ਇਹ ਕੰਮ ਜਾਰੀ ਰੱਖਣ ਲਈ ਵੀ ਕਿਹਾ ਗਿਆ ਹੈ। ਇਕੱਠ ਨੂੰ ਸ਼ਕਤੀ ਪ੍ਰਦਰਸ਼ਨ ਦਾ ਨਾਮ ਦੇਣ ਦੀ ਚਰਚਾ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸੋਚ ਹੈ ਪਰ ਇਹ ਵੀ ਹਕੀਕਤ ਹੈ ਕਿ ਉਨ੍ਹਾਂ ਨੇ ਡੇਰਾ ਪ੍ਰੇਮੀਆਂ ਦੀ ਤਾਕਤ ਨੂੰ ਮੰਨਿਆ ਹੈ।