ਗੋਲਡ ਮੈਡਲ ਜਿੱਤ ਕੇ ਪਰਤੀ ਧੀ ਦਾ ਖੰਨਾ 'ਚ ਹੋਇਆ ਜ਼ੋਰਦਾਰ ਸਵਾਗਤ
ਰਵਿੰਦਰ ਢਿੱਲੋਂ
ਖੰਨਾ, 17 ਮਾਰਚ 2022 - ਜੌਰਡਨ ਚ ਹੋਈ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਚ ਪੰਜਾਬ ਦੇ ਖੰਨਾ ਸ਼ਹਿਰ ਦੀ ਧੀ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਖੰਨਾ ਪੁੱਜਣ ਤੇ ਰੋਡ ਸ਼ੋਅ ਕੱਢ ਕੇ ਸ਼ਾਹੀਨ ਗਿੱਲ ਦਾ ਥਾਂ ਥਾਂ ਉਪਰ ਭਰਵਾਂ ਸਵਾਗਤ ਕੀਤਾ ਗਿਆ। ਨਵੇਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਜ਼ਿਲ੍ਹੇ ਦੀ ਇਸ ਪਹਿਲੀ ਮਹਿਲਾ ਚੈਂਪੀਅਨ ਨੂੰ ਸਨਮਾਨਤ ਕਰਦੇ ਹੋਏ ਪੰਜਾਬ ਅੰਦਰ ਖੇਡਾਂ ਦਾ ਮਿਆਰ ਸੁਧਾਰਨ ਦਾ ਦਾਅਵਾ ਵੀ ਕੀਤਾ।
ਵੀਡੀਓ ਵੀ ਦੇਖੋ.....
ਗੋਲਡ ਮੈਡਲ ਜਿੱਤ ਕੇ ਪਰਤੀ ਧੀ ਦਾ ਖੰਨਾ 'ਚ ਹੋਇਆ ਜ਼ੋਰਦਾਰ ਸਵਾਗਤ, ਵੀਡੀਓ ਵੀ ਦੇਖੋ
ਏਸ਼ੀਅਨ ਚੈਂਪੀਅਨ ਸ਼ਾਹੀਨ ਗਿੱਲ ਨੇ ਕਿਹਾ ਕਿ ਜੌਰਡਨ ਚ ਹੋਈ ਚੈਂਪੀਅਨਸ਼ਿਪ ਚ 21 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਉਸਦਾ ਫਾਈਨਲ ਮੁਕਾਬਲਾ ਉਜਬੇਕਿਸਤਾਨ ਦੇ ਨਾਲ ਸੀ ਜਿਸ ਵਿਚ ਉਸਨੇ ਜਿੱਤ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਸ਼ਾਹੀਨ ਦੋ ਸਾਲ ਪਹਿਲਾਂ ਹੀ ਕਰਾਟੇ ਛੱਡ ਕੇ ਬਾਕਸਿੰਗ ਖੇਡਣ ਲੱਗੀ ਅਤੇ ਇਹ ਉਸਦੀ ਪਹਿਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਸੀ। ਸ਼ਾਹੀਨ ਦਾ ਸੁਪਨਾ ਵਿਸ਼ਵ ਚੈਂਪੀਅਨ ਦੇ ਨਾਲ ਨਾਲ ਉਲੰਪਿਕ ਚ ਗੋਲਡ ਮੈਡਲ ਜਿੱਤਣਾ ਹੈ। ਸ਼ਾਹੀਨ ਦੇ ਦਾਦਾ ਮੇਹਰਦੀਨ ਨੇ ਕਿਹਾ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਪੋਤੀ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ।
ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਾਹੀਨ ਦੇ ਘਰ ਜਾ ਕੇ ਹੌਂਸਲਾ ਅਫਜਾਈ ਕੀਤੀ। ਸੌਂਦ ਨੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ਚ ਘੱਟ ਨਹੀਂ ਹੁੰਦੀਆਂ। ਇਹ ਇੱਕ ਵਾਰ ਫਿਰ ਸ਼ਾਹੀਨ ੇਨ ਸਾਬਤ ਕਰਕੇ ਦਿਖਾ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਚ ਕੋਈ ਕਸਰ ਨਹੀਂ ਛੱਡੇਗੀ।