ਸਿਮਰਨਜੀਤ ਸਿੰਘ ਮਾਨ ਦੀ ਪੱਗ ਦਾ ਮੁੱਲ ਪਾਉਣ ਵਾਲੇ ਖ਼ਿਲਾਫ਼ ਭੜਕਿਆ ਸਿੱਖ ਜੱਥੇਬੰਦੀਆਂ ਦਾ ਗੁੱਸਾ
ਨਵਾਂਸ਼ਹਿਰ 19 ਜੁਲਾਈ 2022 - ਸੰਗਰੂਰ ਤੋਂ ਨਵੇਂ ਚੁਣੇ ਗਏ ਸਾਂਸਦ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਦੇ ਹੋਏ ਟਿੱਪਣੀ ਕੀਤੀ ਗਈ ਜਿਸ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਇਕ ਵਿਅਕਤੀ ਜਿਸ ਦਾ ਨਾਂ ਜਸਵੰਤ ਭਾਰਟਾ ਦੱਸਿਆ ਗਿਆ ਹੈ ਨੇ ਨਵਾਂ ਵਿਵਾਦ ਛੇੜਦੇ ਹੋਏ ਕਹਿ ਦਿੱਤਾ ਕਿ ਜੋ ਐੱਮ ਪੀ ਮਾਨ ਦੀ ਪੱਗ ਲਾਹ ਕੇ ਲਿਆਵੇਗਾ ਉਸ ਨੂੰ ਪੰਜ ਲੱਖ ਦਾ ਇਨਾਮ ਦਿੱਤਾ ਜਾਵੇਗਾ ਜਿਸ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਅੱਜ ਇਲਾਕਾ ਨਿਵਾਸੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਮੁਜ਼ਾਹਰਾ ਕਰਦੇ ਹੋਏ ਡੀਐੱਸਪੀ ਬੰਗਾ ਦੇ ਨਾਮ ਐਸਐਚਓ ਸਦਰ ਰਾਜੀਵ ਕੁਮਾਰ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਜਸਵੰਤ ਸਿੰਘ ਭਾਰਟਾ ਨੇ ਪੱਗ ਦੀ ਮਰਿਆਦਾ ਨੂੰ ਢਾਹ ਲਾਈ ਹੈ। ਇਸ ਲਈ ਉਹ ਮੁਆਫ਼ੀ ਮੰਗੇ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵੱਖ ਵੱਖ ਬੁਲਾਰਿਆਂ ਉਂਕਾਰ ਸਿੰਘ ਮਨਦੀਪ ਸਿੰਘ ਉਪਿੰਦਰਪਾਲ ਸਿੰਘ ਸ਼ਮਸ਼ੇਰ ਸਿੰਘ ਹਰਪਾਲ ਸਿੰਘ ਪਠਲਾਵਾ ਗੁਰਮੀਤ ਸਿੰਘ ਭੁਪਿੰਦਰ ਸਿੰਘ ਬਲਜੀਤ ਸਿੰਘ ਬਘੇਲ ਸਿੰਘ ਭਲਵਾਨ ਵਾਰਿਸ ਪੰਜਾਬ ਜਥੇਬੰਦੀ ਨੇ ਕਿਹਾ ਕਿ ਭਾਰਟਾ ਵੱਲੋਂ ਸਿੱਖ ਕੌਮ ਦੀ ਪੱਗ ਨੂੰ ਟਾਰਗੇਟ ਕੀਤਾ ਗਿਆ ਹੈ ਜੋ ਕਿ ਵੱਡੀਆਂ ਕੁਰਬਾਨੀਆਂ ਕਰ ਕੇ ਅਤੇ ਸ਼ਹੀਦੀਆਂ ਪਾ ਮਿਲੀ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸਿਰ ਵੀ ਦਸਤਾਰ ਹੈ ਅਤੇ ਦਸਤਾਰ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਿਰਫ਼ ਸਤਿਕਾਰ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇ ਜਸਵੰਤ ਭਾਰਟਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਜਾਂ ਕਿਸੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਮਾਫੀ ਮੰਗਦਾ ਹੈ ਤਾਂ ਉਸ ਨੂੰ ਮੁਆਫ਼ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ।